Monday, April 14, 2025
spot_img

ਖ਼ਾਲਸਾ ਸਾਜਨਾ ਦਿਵਸ ‘ਤੇ ਵਿਸ਼ੇਸ਼

Must read

ਖ਼ਾਲਸਾ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ਖ਼ਾਲਿਸ ਤੋਂ ਬਣਿਆ ਹੈ ਜਿਸਦਾ ਅਰਥ ਹੈ – ਪਾਕ, ਸ਼ੁੱਧ, ਬੇਐਬ ਜਾਂ ਬੇਦਾਗ਼। ਇਹ ਸ਼ਬਦ ਸਿੱਖ ਕੌਮ ਲਈ ਵਰਤਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਈ. ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾ ਕੇ ਖ਼ਾਲਸਾ ਪੰਥ ਸਾਜਿਆ। ਇਸ ਦਿਨ ਤੋਂ ਸਮੂਹ ਅੰਮ੍ਰਿਤਧਾਰੀ ਸਿੱਖਾਂ ਨੂੰ ਖ਼ਾਲਸਾ ਕਿਹਾ ਜਾਣ ਲੱਗਿਆ।

1699 ਵਿੱਚ ਵਿਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚ ਸਿੱਖ ਧਰਮ ਦੇ ਅਨੁਯਾਈਆਂ ਦੀ ਇੱਕ ਮਹਾਨ ਸਭਾ ਬੁਲਾਈ। ਇਸ ਸਭਾ ਵਿੱਚ ਵੱਖ-ਵੱਖ ਪ੍ਰਦੇਸ਼ਾਂ ਤੋਂ ਲਗਭਗ 80 ਹਜ਼ਾਰ ਸਿੱਖ ਇਕੱਠੇ ਹੋਏ। ਜਦ ਸਭਾ ਵਿੱਚ ਸਭ ਲੋਕ ਬੈਠ ਗਏ ਤਾਂ ਗੁਰੂ ਜੀ ਸਭਾ ਵਿੱਚ ਆਏ। ਇਸ ਪਿੱਛੋਂ ਉਹਨਾਂ ਨੇ ਤਲਵਾਰ ਨੂੰ ਮਿਆਨ ਵਿੱਚੋਂ ਕੱਢ ਕੇ ਲਹਿਰਾਇਆ ਅਤੇ ਲਲਕਾਰ ਕੇ ਕਿਹਾ, “ਹੈ ਕੋਈ ਅਜਿਹਾ ਸਿੱਖ ਜੋ ਧਰਮ ਲਈ ਆਪਣੇ ਪ੍ਰਾਣਾਂ ਦਾ ਬਲੀਦਾਨ ਦੇ ਸਕੇ।” ਇਹ ਸੁਣ ਕੇ ਸਭਾ ਵਿੱਚ ਸੰਨਾਟਾ ਛਾ ਗਿਆ। ਗੁਰੂ ਜੀ ਨੇ ਆਪਣੇ ਸ਼ਬਦਾਂ ਨੂੰ ਤਿੰਨ ਵਾਰ ਦੁਹਰਾਇਆ।

ਅੰਤ ਵਿੱਚ ਦਇਆ ਰਾਮ ਨਾਂ ਦੇ ਇੱਕ ਖੱਤਰੀ ਨੇ ਆਪਣੇ ਆਪ ਨੂੰ ਬਲੀਦਾਨ ਲਈ ਪੇਸ਼ ਕੀਤਾ। ਗੁਰੂ ਜੀ ਉਸਨੂੰ ਨਜ਼ਦੀਕ ਲੱਗੇ ਤੰਬੂ ਵਿੱਚ ਲੈ ਗਏ ਅਤੇ ਲਹੂ ਨਾਲ ਭਿੱਜੀ ਤਲਵਾਰ ਲੈ ਕੇ ਬਾਹਰ ਆਏ। ਗੁਰੂ ਸਾਹਿਬ ਨੇ ਤੰਬੂ ਵਿਚ ਕੀ ਕੌਤਕ ਕੀਤਾ ਇਹ ਗੁਰੂ ਦਾ ਰਹੱਸ ਹੈ ਜਿਸ ਨੂੰ ਗੁਰੂ ਹੀ ਜਾਣਦਾ ਹੈ। ਕੁਝ ਚਿਰ ਤੋਂ ਬਾਅਦ ਗੁਰੂ ਜੀ ਖੂਨ ਨਾਲ ਭਰੀ ਤਲਵਾਰ ਲੈ ਕੇ ਤੰਬੂ ਤੋਂ ਬਾਹਰ ਆਏ ਅਤੇ ਇੱਕ ਹੋਰ ਵਿਅਕਤੀ ਦੇ ਸਿਰ ਦੀ ਮੰਗ ਕੀਤੀ। ਇਸ ਵਾਰ ਦਿੱਲੀ ਨਿਵਾਸੀ ਧਰਮ ਦਾਸ ਜੱਟ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਗੁਰੂ ਜੀ ਨੇ ਇਹ ਕ੍ਰਮ ਤਿੰਨ ਵਾਰ ਹੋਰ ਦੁਹਰਾਇਆ। ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਨੰਬਰਦਾਰ ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਨਾਮ ਦੇ ਤਿੰਨ ਵਿਅਕਤੀਆਂ ਨੇ ਆਪਣੇ ਆਪ ਨੂੰ ਬਲੀਦਾਨ ਦੇਣ ਲਈ ਪੇਸ਼ ਕੀਤਾ। ਅੰਤ ਵਿੱਚ ਗੁਰੂ ਜੀ ਪੰਜਾਂ ਪਿਆਰਿਆਂ ਨੂੰ ਸਭਾ ਵਿੱਚ ਲਿਆਏ ਅਤੇ ਉਹਨਾਂ ਨੂੰ ‘ਪੰਜ ਪਿਆਰੇ’ ਨਾਮ ਦਿੱਤਾ।

ਪੰਜ ਪਿਆਰਿਆਂ ਦੀ ਚੋਣ ਕਰਨ ਤੋਂ ਬਾਅਦ ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤਪਾਨ ਕਰਾਇਆ, ਜਿਸਨੂੰ ਖੰਡੇ ਦਾ ਪਾਹੁਲ ਕਿਹਾ ਜਾਂਦਾ ਹੈ। ਖੰਡੇ ਦਾ ਪਾਹੁਲ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਸਰਬਲੋਹ ਦਾ ਇੱਕ ਖੁੱਲ੍ਹਾ ਬਰਤਨ ਲਿਆ ਅਤੇ ਉਸ ਵਿੱਚ ਸਾਫ਼ ਪਾਣੀ ਪਾਇਆ। ਫਿਰ ਉਸਨੂੰ ਖੰਡੇ ਨਾਲ ਹਿਲਾਇਆ, ਨਾਲ ਹੀ ਉਹ ਪੰਜ ਬਾਣੀਆ ( ਜਪੁਜੀ ਸਾਹਿਬ , ਜਾਪੁ ਸਾਹਿਬ ਸਵਯੇ ਸਾਹਿਬ, ਅਨੰਦ ਸਾਹਿਬ, ਚੌਪਈ ਸਾਹਿਬ) ਦਾ ਪਾਠ ਵੀ ਕਰਦੇ ਰਹੇ। ਇਸ ਤਰ੍ਹਾਂ ਤਿਆਰ ਕੀਤੇ ਗਏ ਜਲ ਨੂੰ ਅੰਮ੍ਰਿਤ ਜਾਂ ਖੰਡੇ ਦਾ ਪਾਹੁਲ ਕਿਹਾ ਗਿਆ। ਗੁਰੂ ਜੀ ਜਦ ਅੰਮ੍ਰਿਤ ਤਿਆਰ ਕਰ ਰਹੇ ਸਨ ਤਾਂ ਉਸ ਸਮੇਂ ਮਾਤਾ ਜੀਤੋ ਜੀ ਕੁਝ ਪਤਾਸੇ ਲੈ ਕੇ ਆਏ। ਇਸ ਲਈ ਗੁਰੂ ਜੀ ਨੇ ਉਹਨਾਂ ਤੋਂ ਪਤਾਸੇ ਲੈ ਕੇ ਅੰਮ੍ਰਿਤ ਵਿੱਚ ਘੋਲ ਦਿੱਤੇ। ਇਸ ਦਾ ਅਰਥ ਇਹ ਸੀ ਕਿ ਗੁਰੂ ਜੀ ਨੇ ਸਿੱਖਾਂ ਵਿੱਚ ਬਹਾਦਰੀ ਦੇ ਭਾਵ ਪੈਦਾ ਕਰਨ ਦੇ ਨਾਲ-ਨਾਲ ਉਹਨਾਂ ਦੇ ਸੁਭਾਅ ਵਿੱਚ ਮਿਠਾਸ ਪੈਦਾ ਕਰਨ ਦਾ ਯਤਨ ਕੀਤਾ।

ਇਹ ਅੰਮ੍ਰਿਤ ਸਭ ਤੋਂ ਪਹਿਲਾਂ ਪੰਜ ਪਿਆਰਿਆਂ ਨੂੰ ਛਕਾਇਆ ਗਿਆ। ਫੇਰ ਗੁਰੂ ਜੀ ਨੇ ਉਹਨਾਂ ਨੂੰ ਗੋਡਿਆਂ ਦੇ ਭਾਰ ਖਡ਼੍ਹੇ ਹੋਣ ਅਤੇ ‘ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਹਿਣ ਦਾ ਆਦੇਸ਼ ਦਿੱਤਾ। ਇਸ ਸਮੇਂ ਗੁਰੂ ਜੀ ਨੇ ਵਾਰੀ ਵਾਰੀ ਪੰਜ ਪਿਆਰਿਆਂ ਦੀਆਂ ਅੱਖਾਂ ਅਤੇ ਕੇਸਾਂ ਤੇ ਅੰਮ੍ਰਿਤ ਦੇ ਛਿੱਟੇ ਮਾਰੇ ਅਤੇ ਹਰ ਪਿਆਰੇ ਨੂੰ ਖ਼ਾਲਸਾ ਭਾਵ ਪਵਿੱਤਰ ਨਾਮ ਦਿੱਤਾ। ਸਾਰੇ ਪਿਆਰਿਆਂ ਦੇ ਹੱਥੋਂ ਆਪ ਅੰਮ੍ਰਿਤ ਛਕਿਆ। ਇਸ ਤਰ੍ਹਾਂ ‘ਖ਼ਾਲਸੇ’ ਦਾ ਜਨਮ ਹੋਇਆ। ਖ਼ਾਲਸਾ ਦੀ ਸਥਾਪਨਾ ਮੌਕੇ ਗੁਰੂ ਜੀ ਨੇ ਇਹ ਸ਼ਬਦ ਕਹੇ, “ਖ਼ਾਲਸਾ ਗੁਰੂ ਹੈ ਅਤੇ ਗੁਰੂ ਖ਼ਾਲਸਾ ਹੈ।”

ਇਹ ਦਿਹਾੜਾ ਅਨੋਖਾ ਨਜ਼ਾਰਾ ਪੇਸ਼ ਕਰਨ ਵਾਲਾ ਵੀ ਹੈ ਕਿਉਂਕਿ ਇਸ ਦਿਨ ਜਿੱਥੇ ਇਕ ਪਾਸੇ ਗੁਰੂ ਜੀ ਵੱਲੋਂ ਸਾਜੇ ਪੰਜ ਪਿਆਰੇ ਗੁਰੂ ਸਾਹਿਬ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਨਿਹਾਲ ਹੋਏ, ਉੱਥੇ ਹੀ ਦੂਸਰੇ ਪਾਸੇ ਗੁਰੂ ਸਾਹਿਬ ਜੀ ਨੇ ਵੀ ਖ਼ਾਲਸੇ ਪਾਸੋਂ ਆਪ ਅੰਮ੍ਰਿਤਪਾਨ ਕਰ ਕੇ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਨਿਵੇਕਲੀ ਮਿਸਾਲ ਕਾਇਮ ਕੀਤੀ। ਇਸ ਨਾਲ ਗੁਰੂ ਤੇ ਚੇਲੇ ਦਾ ਅਜਿਹਾ ਨਵਾਂ ਰੂਪ ਸਾਹਮਣੇ ਆਇਆ ਜਿਸ ਵਿਚ ਗੁਰੂ-ਚੇਲੇ ਵਿਚ ਕੋਈ ਭਿੰਨ-ਭੇਦ ਨਹੀਂ ਹੈ। ਭਾਈ ਗੁਰਦਾਸ ਜੀ ਇਸ ਦ੍ਰਿਸ਼ ਨੂੰ ਵਾਹ-ਵਾਹ ਕਹਿ ਕੇ ਵਡਿਆਉਂਦੇ ਹਨ :

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਖ਼ਾਲਸਾ ਹਰ ਕਿਸਮ ਦੀ ਸ਼ਖ਼ਸੀ ਗੁਲਾਮੀ ਤੋਂ ਆਜ਼ਾਦ ਹੋ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਸਿੱਧੇ ਰੂਪ ਵਿਚ ਸਬੰਧਤ ਹੈ ਜੋ ਪਰਮਾਤਮਾ ਦੀ ਆਪਣੀ ਰਜ਼ਾ ਵਿੱਚੋਂ ਹੀ ਪ੍ਰਗਟ ਹੋਇਆ ਹੈ :

ਖਾਲਸਾ ਅਕਾਲ ਪੁਰਖ ਕੀ ਫੌਜ। ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।

ਖ਼ਾਲਸੇ ਦਾ ਅਰਥ ਸ਼ੁੱਧ, ਨਿਰਮਲ ਅਤੇ ਬਿਨਾਂ ਮਿਲਾਵਟ ਤੋਂ ਹੈ। ਖ਼ਾਲਸਾ ਝੂਠ, ਬੇਈਮਾਨੀ, ਵਲ਼-ਫਰੇਬ ਤੋਂ ਦੂਰ ਮਨੁੱਖਤਾ ਦਾ ਸੱਚਾ ਹਮਦਰਦ ਹੈ। ਇਹ ਇਕ ਅਕਾਲ ਪੁਰਖ ਦਾ ਪੁਜਾਰੀ ਹੈ। ਖ਼ਾਲਸਾ ਪੰਜ ਕਕਾਰੀ ਰਹਿਣੀ ਦਾ ਧਾਰਨੀ ਹੈ। ਸੱਚਾ ਤੇ ਧਰਮੀ ਜੀਵਨ ਜਿਊਣਾ ਖ਼ਾਲਸੇ ਦਾ ਨੇਮ ਹੈ। ਧਰਮ ਅਤੇ ਸਦਾਚਾਰ ਦੇ ਸੁਮੇਲ ਖ਼ਾਲਸੇ ਦੀ ਆਵਾਜ਼ ਹਮੇਸ਼ਾ ਹੀ ਹੱਕ ਤੇ ਸੱਚ ਲਈ ਉੱਠਦੀ ਹੈ। ਜਬਰ ਤੇ ਜ਼ੁਲਮ ਵਿਰੁੱਧ ਡਟਣਾ ਖ਼ਾਲਸੇ ਦਾ ਪਰਮ ਧਰਮ ਕਰਤੱਵ ਹੈ। ਉੱਚੀ-ਸੁੱਚੀ ਜੀਵਨ-ਜਾਚ ਇਸ ਦੀ ਲਖਾਇਕ ਹੈ। ਦਸਮੇਸ਼ ਪਿਤਾ ਜੀ ਨੇ ਖ਼ਾਲਸੇ ਦੀ ਸਿਰਜਣਾ ਕਰ ਕੇ ਸੰਸਾਰ ਨੂੰ ਸੰਤ-ਸਿਪਾਹੀ ਦਾ ਅਜਿਹਾ ਨਵੀਨ, ਸ਼ਕਤੀਸ਼ਾਲੀ ਤੇ ਵਿਲੱਖਣ ਜੀਵਨ-ਸਿਧਾਂਤ ਦਿੱਤਾ ਜਿਹੜਾ ਹੁਣ ਤਕ ਸ਼ਹਾਦਤਾਂ ਤੇ ਕੁਰਬਾਨੀਆਂ ਦੀਆਂ ਨਿੱਤ-ਨਵੀਆਂ ਸਿਖ਼ਰਾਂ ਛੋਂਹਦਾ ਆ ਰਿਹਾ ਹੈ।

ਖ਼ਾਲਸਾ ਪੰਥ ਦੇ ਸਿਧਾਂਤ

ਖ਼ਾਲਸਾ ਦੀ ਸਥਾਪਨਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੂੰ ਉਹਨਾਂ ਦੇ ਫਰਜ਼ਾਂ ਦਾ ਵਰਨਣ ਕੀਤਾ ਜੋ ਖ਼ਾਲਸਾ ਪੰਥ ਦੇ ਸਿਧਾਂਤ ਮੰਨੇ ਜਾਂਦੇ ਹਨ। ਇਹ ਸਿਧਾਂਤ ਹੇਠ ਲਿਖੇ ਹਨ: –

  • ਖ਼ਾਲਸਾ ਪੰਥ ਦੇ ਪੈਰੋਕਾਰ ਇੱਕ ਹੀ ਪਰਮਾਤਮਾ ਤੇ ਭਰੋਸਾ ਰੱਖਣਗੇ। ਵਾਹਿਗੁਰੂ ਤੋਂ ਇਲਾਵਾ ਉਹ ਕਿਸੇ ਹੋਰ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨਗੇ।
  • ਹਰੇਕ ਖ਼ਾਲਸਾ ਜਾਤ-ਪਾਤ ਵਿੱਚ ਵਿਸ਼ਵਾਸ ਨਹੀਂ ਰੱਖੇਗਾ ਅਤੇ ਉਹ ਆਪਸ ਵਿੱਚ ਪ੍ਰੇਮ ਭਾਵ ਨਾਲ ਰਹਿਣਗੇ।
  • ਸਾਰੇ ਸਿੱਖਾਂ ਨੂੰ ਉੱਚ ਨੈਤਿਕ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਹਨਾਂ ਨੂੰ ਪਰਾਈ ਇਸਤਰੀ, ਤੰਬਾਕੂ, ਮਾਸ ਅਤੇ ਨਸ਼ੀਲੀਆਂ ਵਸਤਾਂ ਦੀ ਵਰਤੋਂ ਤੋਂ ਦੂਰ ਰਹਿਣਾ ਚਾਹੀਦਾ ਹੈ।
  • ਹਰੇਕ ਖ਼ਾਲਸਾ ਮਾਲਾ ਦੇ ਨਾਲ-ਨਾਲ ਸ਼ਸ਼ਤਰ ਵੀ ਧਾਰਨ ਕਰੇਗਾ।
  • ਹਰੇਕ ਸਿੰਘ ਨੂੰ ਚਾਹੀਦਾ ਹੈ ਕਿ ਉਹ ਦੇਸ਼ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਰਬੰਸ ਵਾਰ ਦੇਣ ਲਈ ਸਦਾ ਤਿਆਰ ਰਹੇ।
  • ਹਰੇਕ ਸਿੰਘ ਜਰੂਰੀ ਤੌਰ ‘ਤੇ ਪੰਜ ਕਕਾਰਾਂ ਨੂੰ ਧਾਰਨ ਕਰੇਗਾ। ਇਹ ਹਨ- ਕੇਸ, ਕਡ਼ਾ, ਕੰਘਾ, ਕ੍ਰਿਪਾਨ, ਕਛਹਿਰਾ।
  • ਹਰ ਸਿੱਖ ਸਵੇਰੇ ਉਹਨਾਂ ਪੰਜ ਬਾਣੀਆਂ ਦਾ ਪਾਠ ਕਰੇਗਾ ਜਿਹਨਾਂ ਦਾ ਉਚਾਰਨ ਖੰਡੇ ਦਾ ਪਾਹੁਲ ਤਿਆਰ ਕਰਨ ਸਮੇਂ ਕੀਤਾ ਗਿਆ ਹੈ।
  • ਹਰ ਖ਼ਾਲਸਾ ਆਪਣੇ ਸਾਰੇ ਪਰਿਵਾਰਿਕ ਅਤੇ ਵਿਅਕਤੀਗਤ ਕੰਮ ਗੁਰੂ ਜੀ ਦੀ ਕ੍ਰਿਪਾ ਤੇ ਛੱਡ ਦੇਵੇਗਾ ਅਤੇ ਉਹਨਾਂ ਨੂੰ ਆਪਣਾ ਸ਼ੁਭਚਿੰਤਕ ਮੰਨੇਗਾ।
  • ਹਰੇਕ ਖ਼ਾਲਸਾ ਆਪਣੀ ਆਮਦਨ ਦਾ ਦਸਵਾਂ ਹਿੱਸਾ (ਦਸਵੰਧ) ਧਰਮ ਲਈ ਦਾਨ ਕਰਿਆ ਕਰੇਗਾ।
  • ਸਾਰੇ ‘ਸਿੰਘ’ ਆਪਸ ਵਿੱਚ ਮਿਲਦੇ ਸਮੇਂ ਇੱਕ-ਦੂਜੇ ਨੂੰ ‘ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਿਹਾ ਕਰਨਗੇ।
  • ਹਰ ਖ਼ਾਲਸਾ ਮਰਦ ਆਪਣੇ ਨਾਮ ਦੇ ਪਿੱਛੇ ‘ਸਿੰਘ’ ਸ਼ਬਦ ਅਤੇ ਖ਼ਾਲਸਾ ਇਸਤਰੀ ਆਪਣੇ ਨਾਮ ਪਿੱਛੇ ‘ਕੌਰ’ ਸ਼ਬਦ ਲਗਾਵੇਗੀ।
- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article