ਖਰੜ, 22 ਸਤੰਬਰ : ਸ਼ਹਿਰ ‘ਚ ਵਿਆਹ ਦਾ ਲਾਰਾ ਲਾ ਕੇ ਕਰੀਬ ਡੇਢ ਸਾਲ ਤੱਕ ਇਕ ਲੜਕੀ ਨਾਲ ਸਰੀਰਕ ਸ਼ੋਸ਼ਣ ਕਰਨ ਅਤੇ ਗਰਭਪਾਤ ਕਰਵਾਉਣ ਲਈ ਮਜਬੂਰ ਕਰਨ ਦੇ ਦੋਸ਼ ‘ਚ ਤਰਨਤਾਰਨ ਦੇ ਰਹਿਣ ਵਾਲੇ ਅਭਿਸ਼ੇਕ ਸ਼ਰਮਾ ਖਿਲਾਫ ਖਰੜ ਪੁਲੀਸ ਨੇ ਮਾਮਲਾ ਦਰਜ ਕੀਤਾ ਹੈ। ਪੁਲੀਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਟੀਮ ਲੀਡਰ ਵਜੋਂ ਕੰਮ ਕਰਦੀ ਹੈ। ਉਸਦੀ ਮੁਲਾਕਾਤ ਅਭਿਸ਼ੇਕ ਨਾਲ 2022 ਵਿੱਚ ਹੋਈ, ਜਦੋਂ ਉਸਨੇ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਪੀੜਤਾ ਨਾਲ ਦੋਸਤੀ ਕਰਨ ਤੋਂ ਬਾਅਦ ਅਭਿਸ਼ੇਕ ਨੇ ਉਸ ਨੂੰ ਵਿਆਹ ਦਾ ਝਾਂਸਾ ਦਿੱਤਾ। ਇਸ ਤੋਂ ਬਾਅਦ ਦੋਵਾਂ ਨੇ ਖਰੜ ਦੀ ਇੱਕ ਸੁਸਾਇਟੀ ਵਿੱਚ ਕਿਰਾਏ ’ਤੇ ਫਲੈਟ ਲੈ ਲਿਆ ਅਤੇ ਇਕੱਠੇ ਰਹਿਣ ਲੱਗ ਪਏ।
ਸ਼ਿਕਾਇਤ ਅਨੁਸਾਰ ਅਭਿਸ਼ੇਕ ਨੇ ਪੀੜਤਾ ਦੇ ਨਾਂ ‘ਤੇ ਡੇਢ ਲੱਖ ਰੁਪਏ ਦਾ ਕਰਜ਼ਾ ਵੀ ਲਿਆ ਅਤੇ ਪੈਸੇ ਉਸ ਦੇ ਖਾਤੇ ‘ਚ ਟਰਾਂਸਫਰ ਕਰਵਾ ਲਏ। ਜਦੋਂ ਵੀ ਪੀੜਤਾ ਨੇ ਵਿਆਹ ਦੀ ਗੱਲ ਕੀਤੀ ਤਾਂ ਉਸ ਨੇ ਟਾਲ ਮਟੋਲ ਕਰਨਾ ਸ਼ੁਰੂ ਕਰ ਦਿੱਤਾ। ਅਭਿਸ਼ੇਕ ਦਾ ਪਰਿਵਾਰ ਵੀ ਪਹਿਲਾਂ ਤਾਂ ਇਸ ਵਿਆਹ ਲਈ ਰਾਜ਼ੀ ਹੋ ਗਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਦਾ ਵਿਵਹਾਰ ਵੀ ਬਦਲ ਗਿਆ। 9 ਜੁਲਾਈ 2023 ਨੂੰ ਪੀੜਤਾ ਗਰਭਵਤੀ ਹੋ ਗਈ ਅਤੇ ਅਭਿਸ਼ੇਕ ‘ਤੇ ਉਸ ਨਾਲ ਜਲਦੀ ਵਿਆਹ ਕਰਨ ਲਈ ਦਬਾਅ ਪਾਇਆ। ਹਾਲਾਂਕਿ, ਅਭਿਸ਼ੇਕ ਅਤੇ ਉਨ੍ਹਾਂ ਦੇ ਪਰਿਵਾਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਮੁਲਜ਼ਮਾਂ ਨੇ ਪੀੜਤਾ ਨੂੰ ਗਰਭਪਾਤ ਕਰਵਾਉਣ ਲਈ ਮਜ਼ਬੂਰ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਸਨੇ ਅਜਿਹਾ ਨਾ ਕੀਤਾ ਤਾਂ ਉਸਨੂੰ ਅਤੇ ਬੱਚੇ ਨੂੰ ਮਾਰ ਦਿੱਤਾ ਜਾਵੇਗਾ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਭਿਸ਼ੇਕ ਸ਼ਰਮਾ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ, ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।