ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਦਿਨ ਮੰਗਲਵਾਰ ਤੋਂ ਖਨੌਰੀ ਬਾਰਡਰ ‘ਤੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਮਰਨ ਵਰਤ ‘ਤੇ ਬੈਠਣ ਜਾ ਰਹੇ ਹਨ। ਇਸ ਮਾਮਲੇ ‘ਤੇ ਕਿਸਾਨ ਆਗੂਆਂ ਨੇ ਦੱਸਿਆ ਕਿ ਦੇਸ਼ ਦੇ ਹਾਕਮਾ ਨੇ ਮੰਗਾਂ ਨੂੰ ਮੰਨਣ ਦੀ ਥਾਂ ਦਿੱਲੀ ਕਿਸਾਨ ਅੰਦੋਲਨ ਦੌਰਾਨ 750 ਤੋਂ ਉੱਪਰ ਕਿਸਾਨਾਂ ਦੀ ਸ਼ਹਾਦਤ ਲਈ ਗਈ ਸੀ ਜਦਕਿ 13 ਫ਼ਰਵਰੀ ਤੋਂ ਚੱਲ ਰਹੇ ਕਿਸਾਨ ਅੰਦੋਲਨ-2 ਦੌਰਾਨ ਵੀ 33 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ 13 ਫ਼ਰਵਰੀ 2024 ਤੋਂ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਖਨੌਰੀ, ਸ਼ੰਭੂ ਅਤੇ ਰਤਨਪੁਰਾ ਦੇ ਬਾਰਡਰਾਂ ਉੱਪਰ ਅਪਣੀਆ ਹੱਕੀਂ ਮੰਗਾਂ ਐੱਮ.ਐੱਸ.ਪੀ. ਦਾ ਗਰੰਟੀ ਕਾਨੂੰਨ, ਕਿਸਾਨਾਂ-ਮਜ਼ਦੂਰਾਂ ਦੀ ਕੁੱਲ ਕਰਜ਼ਾ ਮੁਕਤੀ, ਸਵਾਮੀਨਾਥਨ ਕਮਿਸ਼ਨ ਦੇ 3²+50 ਫ਼ਾਰਮੂਲੇ ਅਨੁਸਾਰ ਫ਼ਸਲਾਂ ਦੇ ਭਾਅ, 2013 ਦਾ ਭੂਮੀ ਅਧਿਗ੍ਰਹਿਣ ਕਾਨੂੰਨ ਲਾਗੂ ਕਰਨ, ਮਨਰੇਗਾ ਮਜਦੂਰਾਂ ਨੂੰ ਸਾਲ ਵਿਚ 200 ਦਿਨ ਰੁਜ਼ਗਾਰ ਦੇਣ ਅਤੇ ਮਨਰੇਗਾ ਨੂੰ ਖੇਤੀ ਨਾਲ ਜੋੜਨ, ਮਸਾਲੇ ਕਮਿਸ਼ਨ ਦੇ ਗਠਨ ਸਮੇਤ ਹੋਰ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੰਦੋਲਨ ਲੜਿਆ ਜਾ ਰਿਹਾ ਹੈ।