ਪੇਂਡੂ ਵਿਕਾਸ ਤੇ ਪੰਚਾਇਤ, ਉਦਯੋਗ ਤੇ ਵਣਜ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਨੀਵਾਰ ਨੂੰ ਹਲਕਾ ਖੰਨਾ ਦੇ ਪਿੰਡ ਭੁਮੱਦੀ ਵਿਖੇ ਪਹੁੰਚ ਕੇ ਯੂ.ਪੀ.ਐੱਸ.ਸੀ ਪ੍ਰੀਖਿਆ ਪਾਸ ਕਰਕੇ ਆਈ.ਏ.ਐਸ ਬਣੇ ਜਸਕਰਨ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪਿੰਡ ਭੁਮੱਦੀ ਦੇ ਜਸਕਰਨ ਸਿੰਘ (23) ਨੂੰ ਪਿਛਲੀ ਵਾਰ ਯੂ.ਪੀ.ਐੱਸ.ਸੀ ਪ੍ਰੀਖਿਆ ਪਾਸ ਕਰ ਕੇ ਆਈ.ਏ.ਐੱਸ ਲਈ ਚੁਣਿਆ ਗਿਆ ਸੀ ਤੇ ਹੁਣ 25 ਸਾਲ ਦੀ ਉਮਰ ‘ਚ 240ਵਾਂ ਰੈਂਕ ਹਾਸਲ ਕਰ ਕੇ ਆਈ.ਏ.ਐੱਸ ਬਣ ਗਿਆ ਹੈ ਜਿਸ ਨੇ ਪਿੰਡ ਭੁਮੱਦੀ ਹਲਕਾ ਖੰਨਾ, ਜ਼ਿਲ੍ਹਾ ਲੁਧਿਆਣਾ ਦਾ ਨਾਮ ਚਮਕਾਇਆ ਹੈ। ਇਹ ਨੌਜਵਾਨ ਪੰਜਾਬ ਦੇ ਨੌਜਵਾਨਾ ਲਈ ਪ੍ਰੇਰਣਾ ਦਾ ਸਰੋਤ ਬਣਿਆ ਹੈ।
ਉਨ੍ਹਾਂ ਜਸਕਰਨ ਸਿੰਘ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਿੱਖਿਆ, ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਦੀ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਖੁਦ ਵਿੱਚ ਆਤਮ ਵਿਸ਼ਵਾਸ਼ ਰੱਖਣ ਲਈ ਵੀ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਲਈ ਉਪਲਬਧ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਆਪਣੀ ਪੜ੍ਹਾਈ ‘ਤੇ ਧਿਆਨ ਕੇਂਦ੍ਰਿਤ ਰੱਖਣ ਅਤੇ ਦੂਜਿਆਂ ਲਈ ਇੱਕ ਮਿਸਾਲ ਕਾਇਮ ਕਰਨ।
ਆਈ.ਏ.ਐਸ ਬਣੇ ਜਸਕਰਨ ਸਿੰਘ ਨੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਪਿੰਡ ਭੁਮੱਦੀ ਵਿਖੇ ਆ ਕੇ ਉਸ ਦਾ ਸਨਮਾਨ ਕਰਨ ਲਈ ਵਿਸ਼ੇਸ਼ ਤੌਰ ਧੰਨਵਾਦ ਕੀਤਾ। ਅਤੇ ਕਿਹਾ ਕਿ ਇਹ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਭੁਮੱਦੀ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕੈਬਨਿਟ ਮੰਤਰੀ ਸੌਂਦ ਨੂੰ ਦੱਸਿਆ ਕਿ ਜਦੋਂ ਉਸ ਨੇ 2 ਸਾਲ ਪਹਿਲਾਂ ਪ੍ਰੀਖਿਆ ਦਿੱਤੀ ਸੀ ਤਾਂ ਉਸਨੇ ਦੂਜੀ ਕੋਸ਼ਿਸ਼ ਵਿੱਚ ਯੂ.ਪੀ.ਐਸ.ਸੀ ਪਾਸ ਕੀਤਾ ਸੀ ਅਤੇ 595ਵਾਂ ਰੈਂਕ ਪ੍ਰਾਪਤ ਕੀਤਾ ਸੀ ਜਿਸ ਤੋਂ ਬਾਅਦ ਸਿਖਲਾਈ ਸ਼ੁਰੂ ਹੋਈ। ਪਰਿਵਾਰ ਇਹ ਚਾਹੁੰਦਾ ਸੀ ਕਿ ਮੈਂ ਆਈ.ਏ.ਐਸ ਬਣਾ। ਜਿਸ ਲਈ ਦਿਨ ਰਾਤ ਪੜ੍ਹਾਈ ਕਰਕੇ ਸਖ਼ਤ ਮਿਹਨਤ ਕੀਤੀ। ਅਖੀਰ ਮਿਹਨਤ ਰੰਗ ਲਿਆਈ ‘ਤੇ ਮੈਂ ਆਈ.ਏ.ਐਸ ਬਣ ਗਿਆ।
ਜਸਕਰਨ ਸਿੰਘ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਸਲਾਹ ਦੇਣੀ ਚਾਹੁੰਦਾ ਹੈ ਕਿ ਜੇਕਰ ਉਹ ਭਾਲਣ ਤਾਂ ਇੱਥੇ ਵੀ ਰੁਜ਼ਗਾਰ ਅਤੇ ਸਿੱਖਿਆ ਦੇ ਰਸਤੇ ਬਹੁਤ ਹਨ। ਦੇਸ਼ ਵਿਚ ਯੂ.ਪੀ.ਐਸ.ਸੀ ਅਤੇ ਐਨ.ਡੀ.ਏ ਵਰਗੀਆਂ ਸੰਸਥਾਵਾਂ ਹਨ ਜੋ ਕਾਫੀ ਪ੍ਰੀਖਿਆਵਾਂ ਕਰਵਾਉਂਦੇ ਹਨ। ਉਨ੍ਹਾਂ ਦੇ ਰਾਹੀਂ ਤੁਸੀਂ ਅਫਸਰ ਬਣ ਕੇ ਦੇਸ਼ ਸੇਵਾ ਲਈ ਸਮਰਪਿਤ ਹੋ ਸਕਦੇ ਹੋ। ਅਫਸਰ ਬਣ ਕੇ ਪੰਜਾਬ ਅਤੇ ਦੇਸ਼ ਲਈ ਵਧੀਆ ਫੈਸਲੇ ਲੈ ਕੇ ਕਾਫੀ ਸਮੱਸਿਆਵਾਂ ਦੂਰ ਕਰ ਸਕਦੇ ਹੋ। ਨੌਜਵਾਨਾਂ ਨੂੰ ਇੱਥੇ ਰਹਿ ਕੇ ਹੀ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਡਾ. ਬੀ.ਆਰ ਅੰਬੇਦਕਰ ਇੱਕ ਮਹਾਨ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਨਾਂ ਸਿਰਫ ਦਲਿਤਾਂ ਲਈ ਕੰਮ ਕੀਤਾ ਬਲਕਿ ਸਾਰੇ ਵਰਗਾਂ ਦੀ ਤਰੱਕੀ ‘ਤੇ ਜ਼ੋਰ ਦਿੱਤਾ। ਮੈਂ ਬਾਬਾ ਸਾਹਿਬ ਤੋਂ ਹਮੇਸ਼ਾ ਪ੍ਰੇਰਨਾ ਲਈ ਹੈ ਉਨ੍ਹਾਂ ਦਾ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਮੈਂ ਮਹਾਰਾਸ਼ਟਰ ਜਾ ਕੇ ਉਨ੍ਹਾਂ ਦਾ ਜੱਦੀ ਘਰ ਦੇਖ ਕੇ ਆਇਆ ਹਾਂ ਜੋ ਕਿ ਬਹੁਤ ਵਧੀਆ ਲੱਗਾ।
ਆਈ.ਏ.ਐਸ ਜਸਕਰਨ ਸਿੰਘ ਨੇ ਆਪਣੇ ਮਾਤਾ-ਪਿਤਾ, ਦਾਦਾ ਜੀ ਅਤੇ ਭੈਣ ਨੂੰ ਆਪਣਾ ਰੋਲ ਮਾਡਲ ਦੱਸਿਆ ਹੈ। ਉਹਨਾਂ ਕਿਹਾ ਉਨ੍ਹਾਂ ਦੇ ਪਿਤਾ ਜਗਮੋਹਨ ਸਿੰਘ ਪੰਜਾਬ ਪੁਲਿਸ ਵਿੱਚ ਏ.ਐਸ.ਆਈ ਹਨ। ਜਸਕਰਨ ਸਿੰਘ ਨੂੰ ਇੰਟਰਵਿਊ ਤੋਂ ਪਹਿਲਾਂ ਬਹੁਤ ਮੁਸ਼ਕਲਾਂ ਵਿੱਚੋਂ ਲੰਘਣਾ ਪਿਆ ਸੀ। ਪਹਿਲਾਂ ਉਸਨੂੰ ਡੇਂਗੂ ਹੋ ਗਿਆ, ਫਿਰ ਉਸਦੇ ਕੰਨ ਵਿੱਚ ਪੈੱਨ ਦਾ ਟੁਕੜਾ ਫਸ ਗਿਆ। ਉਸਨੂੰ ਇਲਾਜ ਲਈ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਪਰ ਯੂ.ਪੀ.ਐਸ.ਸੀ ਪਾਸ ਕਰਨ ਦੇ ਆਪਣੇ ਦ੍ਰਿੜ ਇਰਾਦੇ ਨਾਲ ਜਸਕਰਨ ਸਿੰਘ ਨੇ ਦਰਦ ਵਿੱਚ ਇੰਟਰਵਿਊ ਦਿੱਤੀ ਅਤੇ ਯੂ.ਪੀ.ਐਸ.ਸੀ ਪਾਸ ਕਰਨ ਵਿੱਚ ਸਫਲ ਹੋ ਗਿਆ।
ਜਸਕਰਨ ਸਿੰਘ ਨੇ ਏ.ਐਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿੱਚ 12ਵੀਂ ਤੱਕ ਪੜ੍ਹਾਈ ਕੀਤੀ ਜਿਸ ਤੋਂ ਬਾਅਦ ਉਸਨੇ ਚੰਡੀਗੜ੍ਹ ਤੋਂ ਬੀ.ਟੈਕ ਕੀਤੀ। ਯੂ.ਪੀ.ਐਸ.ਸੀ ਪਾਸ ਕਰਨ ਦੇ ਆਪਣੇ ਦ੍ਰਿੜ ਇਰਾਦੇ ਕਾਰਨ ਜਸਕਰਨ ਸਿੰਘ ਨੇ ਸ਼ੁਰੂ ਤੋਂ ਹੀ ਇਸਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਉਹ ਘਰ ਵਿੱਚ 8 ਤੋਂ 10 ਘੰਟੇ ਪੜ੍ਹਾਈ ਕਰਦਾ ਸੀ। ਜਦੋਂ ਪਹਿਲੀ ਕੋਸ਼ਿਸ਼ ਵਿੱਚ ਕੁਝ ਅੰਕਾਂ ਨਾਲ ਯੂ.ਪੀ.ਐਸ.ਸੀ ਪਾਸ ਨਹੀਂ ਕਰ ਸਕਿਆ ਤਾਂ ਆਪਣੀ ਮਿਹਨਤ ਦੁੱਗਣੀ ਕਰ ਦਿੱਤੀ ਅਤੇ ਦੂਜੀ ਕੋਸ਼ਿਸ਼ ਵਿੱਚ ਯੂ.ਪੀ.ਐਸ.ਸੀ ਪਾਸ ਕਰ ਗਿਆ। ਪਰਿਵਾਰ ਨੇ ਕਿਹਾ ਸਾਨੂੰ ਜਸਕਰਨ ਸਿੰਘ ‘ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਜਿਸ ਕਾਰਨ ਉਸ ਨੇ ਸਾਡਾ, ਆਪਣੇ ਪਿੰਡ ਭੁਮੱਦੀ, ਹਲਕਾ ਖੰਨਾ, ਜ਼ਿਲ੍ਹਾ ਲੁਧਿਆਣਾ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਹਨਾਂ ਨੇ ਆਪਣੇ ਪੁੱਤਰ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕਰਨ ਲਈ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨਹੇੜੀ, ਮਾਸਟਰ ਅਵਤਾਰ ਸਿੰਘ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਦਿਹਾਤੀ ਖੰਨਾ, ਪਿੰਡ ਭੁਮੱਦੀ ਦੀ ਪੰਚਾਇਤ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।