ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਨੂੰ ਰੁਜ਼ਗਾਰ ਦੀ ਭਾਲ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਕਰਨਾ ਪੇ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਬਰੈਂਪਟਨ ਦੇ ਇੱਕ ਭਾਰਤੀ ਰੈਸਟੋਰੈਂਟ ’ਚ ਵੇਟਰ ਦੀਆਂ 60 ਪੋਸਟਾਂ ਲਈ ਪੰਜਾਬ ਤੇ ਹਰਿਆਣਾ ਦੇ 3 ਹਜ਼ਾਰ ਵਿਦਿਆਰਥੀ ਅਰਜ਼ੀ ਦੇਣ ਲਈ ਪਹੁੰਚ ਗਏ।
ਰੁਜ਼ਗਾਰ ਦੀ ਭਾਲ ਕਰ ਰਹੇ ਪੰਜਾਬ ਦੇ ਇਕ ਵਿਦਿਆਰਥੀ ਵਿਕਰਮ ਸਿੰਘ ਨੇ ਕਿਹਾ ਕਿ ਵੱਡੀ ਗਿਣਤੀ ’ਚ ਵਿਦਿਆਰਥੀ ਰੋਜ਼ੀ-ਰੋਟੀ ਅਤੇ ਰਹਿਣ-ਸਹਿਣ ਦੀ ਵਧ ਰਹੀ ਲਾਗਤ, ਪਾਰਟ ਟਾਈਮ ਨੌਕਰੀਆਂ ਲਈ ਸਖ਼ਤ ਮੁਕਾਬਲੇਬਾਜ਼ੀ ਅਤੇ ਪਿੱਛੋਂ ਘਰਾਂ ਤੋਂ ਸੀਮਤ ਸਹਾਇਤਾ ਮਿਲਣ ਜਿਹੇ ਮਸਲਿਆਂ ਨਾਲ ਜੂਝ ਰਹੇ ਹਨ।’ ਉਸ ਨੇ ਕਿਹਾ ਕਿ ਉਹ ਪਿਛਲੇ ਦੋ ਹਫ਼ਤਿਆਂ ’ਚ 70 ਨੌਕਰੀਆਂ ਲਈ ਅਰਜ਼ੀਆਂ ਦੇ ਚੁੱਕਾ ਹੈ ਪਰ ਸਿਰਫ਼ ਤਿੰਨ ਥਾਵਾਂ ਤੋਂ ਇੰਟਰਵਿਊ ਲਈ ਸੱਦਿਆ ਗਿਆ। ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਨੂੰ ਕੈਨੇਡਾ ’ਚ ਆ ਰਹੀਆਂ ਮੁਸ਼ਕਲਾਂ ਬਾਰੇ ਨਹੀਂ ਦੱਸਣਾ ਚਾਹੁੰਦਾ ਹੈ, ਜਿਨ੍ਹਾਂ ਉਸ ਨੂੰ ਵਿਦੇਸ਼ ਭੇਜਣ ਲਈ ਆਪਣੀ ਜ਼ਮੀਨ ਵੇਚ ਦਿੱਤੀ ਸੀ। ਉਸ ਨੇ ਕਿਹਾ ਕਿ ਉਸ ਦੇ ਜ਼ਿਆਦਾਤਰ ਦੋਸਤ ਬੇਰੁਜ਼ਗਾਰ ਹਨ ਅਤੇ ਅੱਗੇ ਕੀ ਕਰਨਾ ਹੈ, ਇਸ ਦਾ ਕੁਝ ਪਤਾ ਨਹੀਂ ਹੈ। ਤੰਦੂਰੀ ਫਲੇਮਜ਼ ਰੈਸਟੋਰੈਂਟ ਦੀ ਕਾਰਜਕਾਰੀ ਮੈਨੇਜਰ ਇੰਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨਵੀਂ ਬ੍ਰਾਂਚ ‘ਹੈਪੀ ਸਿੰਘ’ ਖੋਲ੍ਹੀ ਹੈ ਜਿਥੇ ਨੌਕਰੀਆਂ ਲਈ ਵੱਡੀ ਗਿਣਤੀ ਨੌਜਵਾਨ ਆ ਰਹੇ ਹਨ।
ਕੈਨੇਡਾ ਦੇ ਬਰੈਂਪਟਨ ਜਿਹੇ ਪਰਵਾਸੀਆਂ ਦੀ ਵੱਡੀ ਅਬਾਦੀ ਵਾਲੇ ਸ਼ਹਿਰਾਂ ’ਚ ਰੁਜ਼ਗਾਰ ਲਈ ਬੇਯਕੀਨੀ ਬਣੀ ਹੋਈ ਹੈ। ਭਾਰਤ ਸਮੇਤ ਹੋਰ ਮੁਲਕਾਂ ਤੋਂ ਵਿਦਿਆਰਥੀ ਇੱਥੇ ਉੱਚ ਮਿਆਰੀ ਸਿੱਖਿਆ ਹਾਸਲ ਕਰਨ ਤੇ ਅਜਿਹਾ ਕੰਮ ਲੱਭਣ ਦਾ ਸੁਫਨਾ ਲੈ ਕੇ ਆਉਂਦੇ ਹਨ ਜੋ ਉਨ੍ਹਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ’ਚ ਮਦਦ ਕਰੇ। ਖਰਚੇ ਪੂਰੇ ਕਰਨ ਲਈ ਵਿਦਿਆਰਥੀ ਵੇਟਰ, ਡਿਲਿਵਰੀ ਸਰਵਿਸ ਜਿਹੇ ਛੋਟੇ-ਮੋਟੇ ਕੰਮ ਕਰਨ ਲਈ ਮਜਬੂਰ ਹਨ। ਕੈਨੇਡਾ ਦੇ ਇਮੀਗਰੇਸ਼ਨ, ਸ਼ਰਨਾਰਥੀ ਤੇ ਨਾਗਰਿਕਤਾ ਵਿਭਾਗ ਦੇ ਅੰਕੜਿਆਂ ਅਨੁਸਾਰ ਸਾਲ 2023 ’ਚ ਤਕਰੀਬਨ 3.19 ਲੱਖ ਵਿਦਿਆਰਥੀ ਭਾਰਤ ਤੋਂ ਕੈਨੇਡਾ ਪੁੱਜੇ ਤੇ ਇਨ੍ਹਾਂ ’ਚੋਂ 1.8 ਲੱਖ ਦੇ ਕਰੀਬ ਪੰਜਾਬੀ ਸਨ।