ਵੈਨਕੂਵਰ, 18 ਨਵੰਬਰ – ਪਿਛਲੇ ਕੁਝ ਸਾਲਾਂ ਤੋਂ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਢਹਿ ਢੇਰੀ ਹੋਏ ਇੰਮੀਗਰੇਸ਼ਨ ਸਿਸਟਮ ਨੂੰ ਪੈਰਾਂ ਸਿਰ ਕਰਨ ਲਈ ਇੰਮੀਗਰੇਸ਼ਨ ਮੰਤਰੀ ਮਾਈਕ ਮਿਲਰ ਅਗਲੇ ਸਾਲ ਯਾਨੀ 2025 ਤੱਕ ਕਰੀਬ 12 ਲੱਖ ਕੱਚੇ ਲੋਕਾਂ ਨੂੰ ਕੈਨੇਡਾ ‘ਚੋਂ ਕੱਢਣ ਬਾਰੇ ਸੋਚੀ ਬੈਠੇ ਹਨ। ਇਸ ਕੰਮ ‘ਚ ਤੇਜੀ ਲਈ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਦੇ ਅਮਲੇ ਦੀ ਨਫ਼ਰੀ 15 ਫੀਸਦ ਵਧਾਈ ਅਤੇ ਕੁਝ ਵਾਧੂ ਸ਼ਕਤੀਆਂ ਵੀ ਦਿੱਤੀਆਂ ਹਨ। ਕੈਨੇਡਾ ਦੇ ਸਰਕਾਰੀ ਵਿਭਾਗਾਂ ਦੇ ਸੂਤਰਾਂ ਉੱਤੇ ਭਰੋਸਾ ਅਤੇ ਪ੍ਰਾਪਤ ਅੰਕੜਿਆਂ ‘ਚ ਬਾਰਡਰ ਏਜੰਸੀ ਕੋਲ 38030 ਕੱਚੇ ਲੋਕਾਂ ਦੇ ਗ੍ਰਿਫਤਾਰੀ ਵਰੰਟ ਆ ਚੁੱਕੇ ਹਨ। ਸਰਕਾਰ ਇਨ੍ਹਾਂ ਨੂੰ ਅਗਲੇ ਦਿਨਾਂ ‘ਚ ਉਨ੍ਹਾਂ ਨੂੰ ਵਾਪਿਸ ਭੇਜਣ ਦੀ ਤਿਆਰੀ ਕਰ ਚੁੱਕੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਇਨ੍ਹਾਂ ਲੋਕਾਂ ਵਿੱਚੋਂ ਬਹੁਤੇ ਲੋਕ ਉਹ ਹਨ ਜੋ ਵਿਜ਼ਟਰ ਵੀਜ਼ਾ ‘ਤੇ ਸੈਲਾਨੀ ਬਣਕੇ ਕੈਨੇਡਾ ਪੁੱਜੇ ਸਨ ਤੇ ਇਥੋਂ ਦੇ ਸਿਸਟਮ ਨਾਲ ਖਿਲਵਾੜ ਕਰਦਿਆਂ ਫੜੇ ਗਏ। ਸਰਕਾਰ ਕੋਲ ਇਹ ਅੰਕੜੇ ਪਹੁੰਚੇ ਹਨ ਕਿ ਦੇਸ਼ ਵਿੱਚ 12,62801 ਲੋਕ ਗੈਰਕਨੂੰਨੀ ਢੰਗ ਨਾਲ ਰਹਿ ਰਹੇ ਹਨ, ਜਿੰਨਾਂ ਨੂੰ ਵਾਪਸ ਭੇਜਣ ਤੋਂ ਬਾਅਦ ਹੀ ਸਿਹਤ, ਰਿਹਾਇਸ਼ ਅਤੇ ਰੁਜਗਾਰ ਮੌਕਿਆਂ ਦੇ ਸੰਤੁਲਨ ਵਿੱਚ ਆਏ ਵਿਗਾੜ ਨੂੰ ਫਿਰ ਤੋਂ ਪੈਰਾਂ ਸਿਰ ਕੀਤਾ ਜਾ ਸਕਦਾ ਹੈ।