ਕੇਰਲ ਦੇ ਮਲਪੁਰਮ ਜ਼ਿਲੇ ਦੇ ਤਨੂਰ ਖੇਤਰ ਦੇ ਓਟੂਮਪੁਰਮ ਨੇੜੇ ਐਤਵਾਰ ਸ਼ਾਮ ਨੂੰ ਇਕ ਹਾਊਸਬੋਟ ਪਲਟ ਗਈ, ਜਿਸ ਕਾਰਨ ਸੱਤ ਬੱਚਿਆਂ ਸਮੇਤ 22 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਿਸ਼ਤੀ ‘ਤੇ ਕਰੀਬ 30 ਯਾਤਰੀ ਸਵਾਰ ਸਨ, ਜਿਨ੍ਹਾਂ ‘ਚੋਂ 22 ਦੀ ਮੌਤ ਹੋ ਗਈ, ਜਦਕਿ 9 ਦੇ ਕਰੀਬ ਯਾਤਰੀਆਂ ਨੂੰ ਨੇੜਲੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ।
ਕੇਰਲ ਦੇ ਮੰਤਰੀ ਵੀ ਅਬਦੁਰਰਹਿਮਾਨ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ 7 ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਡੁੱਬੀ ਕਿਸ਼ਤੀ ਨੂੰ ਕਿਨਾਰੇ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਮੌਤਾਂ ‘ਤੇ ਸੋਗ ਪ੍ਰਗਟ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਅਤੇ ਮਲਪੁਰਮ ਦੇ ਜ਼ਿਲ੍ਹਾ ਕੁਲੈਕਟਰ ਨੂੰ ਐਮਰਜੈਂਸੀ ਬਚਾਅ ਕਾਰਜ ਕਰਨ ਦੇ ਨਿਰਦੇਸ਼ ਦਿੱਤੇ। ਬਿਆਨ ‘ਚ ਕਿਹਾ ਗਿਆ ਹੈ ਕਿ ਫਾਇਰ ਬ੍ਰਿਗੇਡ, ਪੁਲਸ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਸਥਾਨਕ ਲੋਕ ਬਚਾਅ ਕਾਰਜ ‘ਚ ਸ਼ਾਮਲ ਸਨ। ਮੁੱਖ ਮੰਤਰੀ ਅੱਜ ਵੀ ਘਟਨਾ ਸਥਾਨ ਦਾ ਦੌਰਾ ਕਰਨਗੇ।