ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ‘ਤੇ ਪੰਜਾਬ ਵਿਚ ਰਾਸ਼ਨ ਕਾਰਡ ਕੱਟਣ ਦਾ ਦੋਸ਼ ਲਗਾਇਆ ਹੈ। ਆਪਣੀ ਰਿਹਾਇਸ਼ ‘ਤੇ ਪ੍ਰੈੱਸ ਕਾਨਫਰੰਸ ਵਿਚ ਮੁੱਖ ਮੰਤਰੀ ਮਾਨ ਨੇ ਕੇਂਦਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੇਂਦਰ ਨੇ ਪੰਜਾਬ ਵਿਚ 8 ਲੱਖ 2 ਹਜ਼ਾਰ 493 ਰਾਸ਼ਨ ਕਾਰਡ ਕੱਟਣ ਦੀ ਸਾਜਿਸ਼ ਰਚੀ ਹੈ। ਇਸ ਨਾਲ ਸੂਬੇ ਵਿਚ 32 ਲੱਖ ਲੋਕਾਂ ਨੂੰ ਰਾਸ਼ਨ ਨਹੀਂ ਮਿਲ ਸਕੇਗਾ।
ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਵੈਰੀਫਿਕੇਸ਼ਨ ਲਈ 6 ਮਹੀਨੇ ਦਾ ਸਮਾਂ ਮੰਗਿਆ ਹੈ। ਮਾਨ ਨੇ ਕਿਹਾ ਕਿ ਪੰਜਾਬ ਵਿਚ 1 ਕਰੋੜ 53 ਲੱਖ ਰਾਸ਼ਨ ਕਾਰਡ ਹੋਲਡਰ ਹਨ। ਹੁਣ ਤੱਕ 1 ਕਰੋੜ 29 ਲੱਖ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਕੀਤੀ ਜਾ ਚੁੱਕੀ ਹੈ। ਕੇਂਦਰ ਸਰਕਾਰ ਸਾਨੂੰ ਆਪਣੀ ਪੱਧਰ ‘ਤੇ ਵੈਰੀਫਿਕੇਸ਼ਨ ਪੂਰੀ ਕਰਨ ਦੇਵੇ, ਉਸ ਦੇ ਬਾਅਦ ਜੋ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ‘ਤੇ ਕਾਰਵਾਈ ਕਰੇ।
CM ਮਾਨ ਨੇ ਕਿਹਾ ਕਿ ਪੰਜਾਬ ਪੂਰੇ ਦੇਸ਼ ਦਾ ਪੇਟ ਭਰਦਾ ਹੈ। ਪੂਰੇ ਦੇਸ਼ ਵਿਚ ਜ਼ਿਆਦਾਤਰ ਕਣਕ ਦੀ ਸਪਲਾਈ ਅਸੀਂ ਕਰਦੇ ਹਾਂ ਲਿਹਾਜ਼ਾ ਸਾਡੇ ਰਾਸ਼ਨ ਕਾਰਡ ਕੱਟ ਕੇ ਪੰਜਾਬੀਆਂ ਨੂੰ ਭੁੱਖੇ ਮਾਰਨ ਦੀ ਕੋਈ ਨਾ ਸੋਚੇ। ਜਦੋਂ ਤੱਕ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਕਿਸੇ ਵੀ ਰਾਸ਼ਨ ਕਾਰਡ ਹੋਲਡਰ ਨੂੰ ਰਾਸ਼ਨ ਤੋਂ ਵਾਂਝਾ ਨਹੀਂ ਹੋਣ ਦੇਵਾਂਗਾ ਭਾਵੇਂ ਉਨ੍ਹਾਂ ਲਈ ਵੱਖਰੀ ਵਿਵਸਥਾ ਸੂਬਾ ਸਰਕਾਰ ਨੂੰ ਕਿਉਂ ਨਾ ਕਰਨੀ ਪਵੇ।