ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਸੰਗਰੂਰ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਚੱਲ ਰਹੇ ਸਟੇਸ਼ਨ ਦੇ ਨਵੀਨੀਕਰਨ ਅਤੇ ਹੋਰ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ। ਅੰਬਾਲਾ ਰੇਲਵੇ ਡਿਵੀਜ਼ਨ ਦੇ ਡੀਆਰਐਮ ਮਨਦੀਪ ਸਿੰਘ ਭਾਟੀਆ ਸਮੇਤ ਸਾਰੇ ਅਧਿਕਾਰੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਸੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਕੀਤੇ ਜਾਣ। ਸੰਗਰੂਰ ਰੇਲਵੇ ਸਟੇਸ਼ਨ ‘ਤੇ ਅੰਮ੍ਰਿਤ ਭਾਰਤ ਸਟੇਸ਼ਨ ਵਿਕਾਸ ਯੋਜਨਾ ਤਹਿਤ 23.77 ਕਰੋੜ ਰੁਪਏ ਦੇ ਵਿਕਾਸ ਕਾਰਜ ਚੱਲ ਰਹੇ ਹਨ। ਇਨ੍ਹਾਂ ਵਿੱਚ ਸਟੇਸ਼ਨ ਦੀ ਇਮਾਰਤ ਦਾ ਨਵੀਨੀਕਰਨ, ਸਟੇਸ਼ਨ ਸਰਕੂਲੇਟਿੰਗ ਏਰੀਆ ਦਾ ਵਿਕਾਸ, ਸਰਕੂਲੇਟਿੰਗ ਏਰੀਏ ਵਿੱਚ ਗਰੀਨ ਬੈਲਟ ਦਾ ਨਿਰਮਾਣ, ਨਵੀਂ ਕਾਰ ਅਤੇ ਸਕੂਟਰ/ਮੋਟਰਸਾਈਕਲ ਪਾਰਕਿੰਗ ਦਾ ਨਿਰਮਾਣ ਅਤੇ ਹੋਰ ਕਈ ਕੰਮ ਸ਼ਾਮਲ ਹਨ।
ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਨਵੇਂ ਫੁੱਟ ਓਵਰ ਬ੍ਰਿਜ ਦੀ ਉਸਾਰੀ ਵੀ ਚੱਲ ਰਹੀ ਹੈ। ਇਸ ਦੇ 31 ਅਗਸਤ, 2024 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਸੰਗਰੂਰ ਸਟੇਸ਼ਨ ’ਤੇ ਨਵੇਂ 12 ਮੀਟਰ ਚੌੜੇ ਫੁੱਟ ਓਵਰ ਬ੍ਰਿਜ ਦੀ ਉਸਾਰੀ ਵੀ ਚੱਲ ਰਹੀ ਹੈ।
ਰੇਲ ਰਾਜ ਮੰਤਰੀ ਦੀ ਫੇਰੀ ਦੌਰਾਨ ਪੰਜਾਬ ਭਾਜਪਾ ਵੀ ਇਕਜੁੱਟ ਦਿਖਾਈ ਦਿੱਤੀ। ਇਸ ਮੌਕੇ ਅਰਵਿੰਦ ਖੰਨਾ ਸਮੇਤ ਕਈ ਭਾਜਪਾ ਆਗੂ ਮੌਜੂਦ ਸਨ। ਬਿੱਟੂ ਨੇ ਸਮੁੱਚੇ ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਰੇਲਵੇ ਵੱਲੋਂ ਲੋਕਾਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾਣਗੀਆਂ। ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।