ਅੰਮ੍ਰਿਤਸਰ 1 ਅਗਸਤ 2024: ਆਜਾਦੀ ਦੀ ਪਹਿਲੀ ਲੜਾਈ ਜਿਸ ਨੂੰ ਮੰਗਲ ਪਾਂਡੇ ਨੇ ਸ਼ੁਰੂ ਕੀਤਾ ਸੀ ਦੇ ਸਬੰਧ ਵਿੱਚ ਅਜਨਾਲਾ ਵਿਖੇ 26 ਰੈਜਮੈਂਟ ਆਫ ਬੰਗਾਲ ਨੇਟਿਵ ਇੰਨਫੈਂਟਰੀ ਦੇ ਜਵਾਨਾਂ ਵੱਲੋਂ ਵੀ ਇਸ ਵਿੱਚ ਹਿੱਸਾ ਲਿਆ ਅਤੇ ਸ਼ਹਾਦਤ ਦਾ ਜਾਮ ਪੀਤਾ ਸੀ। ਇਸ ਸਬੰਧ ਵਿੱਚ ਕਰਵਾਏ ਗਏ ਸਲਾਨਾ ਸ਼ਰਧਾਂਜਲੀ ਸਮਾਗਮ ਵਿੱਚ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਕਾਲਿਆਂਵਾਲਾ ਖੂਹ ਵਿਖੇ ਪੁੱਜੇ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਧਾਲੀਵਾਲ ਨੇ ਦੱਸਿਆ ਕਿ ਆਜਾਦੀ ਦੀ ਇਸ ਲੜਾਈ ਵਿੱਚ ਯੋਗਦਾਨ ਪਾਉਣ ਵਾਲੇ ਇਹ ਸ਼ਹੀਦ ਅਣਗੌਲੇ ਹੀ ਰਹਿ ਗਏ ਸਨ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਇਸ ਰੈਜਮੈਂਟ ਦੇ 282 ਜਵਾਨਾਂ ਨਾਲ ਕਤਲੋ ਗਾਰਤ ਕਰਕੇ ਸ਼ਹੀਦ ਕੀਤਾ ਗਿਆ ਅਤੇ ਇਨ੍ਹਾਂ ਦੀ ਲਾਸ਼ਾਂ ਨੂੰ ਕਾਲਿਆਂਵਾਲੇ ਖੂਹ ਵਿੱਚ ਦਫਨਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਈ ਦਹਾਕਿਆਂ ਤੋਂ ਸਾਨੂੰ ਇਨ੍ਹਾਂ ਸ਼ਹੀਦਾਂ ਦਾ ਪਤਾ ਹੀ ਨਹੀਂ ਲੱਗਾ। ਉਹਨਾਂ ਦੱਸਿਆ ਕਿ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਫੈਡਰਿਕ ਕੂਪਰ ਵੱਲੋਂ 150 ਜਵਾਨਾਂ ਨੂੰ ਬਾਲ ਘਾਟ ਵਿਖੇ ਹੀ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ 35 ਤੋਂ ਵੱਧ ਜਵਾਨ ਰਾਵੀ ਦਰਿਆ ਵਿੱਚ ਪਾਣੀ ਦੀ ਲਪੇਟ ਵਿੱਚ ਆ ਗਏ ਸਨ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਕ ਦਿਨ ਹੈ ਅਤੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਆਜਾਦੀ ਦੀ ਪਹਿਲੀ ਲੜਾਈ ਵਿੱਚ ਸ਼ਹੀਦ ਹੋਏ ਜਵਾਨ ਸਾਡੀ ਪ੍ਰੇਰਣਾ ਦਾ ਸਰੋਤ ਬਣੇ ਰਹਿਣਗੇ। ਉਨਾ ਇਸ ਮੌਕੇ ਕਮੇਟੀ ਦੀ ਮੰਗ ਉੱਪਰ ਬਣਵਾਈ ਗਈ ਡਿਸਪੈਂਸਰੀ ਦਾ ਉਦਘਾਟਨ ਕੀਤਾ ਅਤੇ ਡਿਸਪੈਂਸਰੀ ਦੇ ਕੰਮ ਪੂਰੇ ਕਰਨ ਲਈ ਤਿੰਨ ਲੱਖ ਰੁਪਏ ਦੀ ਹੋਰ ਗਰਾਂਟ ਦਿੱਤੀ।
ਇਸ ਮੌਕੇ ਫੌਜ ਜਵਾਨਾਂ ਵੱਲੋਂ ਵੀ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਇਸ ਯਾਦਗਾਰ ਨੂੰ ਆਉਂਦੇ ਰਸਤੇ ਨੂੰ ਖੁੱਲਾ ਕਰਨ ਲਈ ਰੱਖਿਆ ਮੰਤਰਾਲੇ ਨਾਲ ਗੱਲ ਚੱਲ ਰਹੀ ਹੈ ਅਤੇ ਛੇਤੀ ਹੀ ਉਹ ਰੱਖਿਆ ਮੰਤਰੀ ਨੂੰ ਮਿਲ ਕੇ ਇਸ ਮਸਲੇ ਨੂੰ ਹੱਲ ਕਰਵਾਉਣਗੇ।