ਹਰਿਆਣਾ ਅਤੇ ਪੰਜਾਬ ਦੇ ਖਨੌਰੀ ਬਾਰਡਰ ਤੋਂ ਹਿਰਾਸਤ ਵਿੱਚ ਲਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਆਏ ਕਿਸਾਨਾਂ ਨੇ ਲੁਧਿਆਣਾ ਡੀਐਮਸੀ ਵਿੱਚ ਹੰਗਾਮਾ ਕਰ ਦਿੱਤਾ। ਪੁਲੀਸ ਉਨ੍ਹਾਂ ਨੂੰ ਡੱਲੇਵਾਲ ਨਾਲ ਮਿਲਣ ਤੋਂ ਰੋਕ ਰਹੀ ਸੀ। ਇਸ ਨਾਲ ਕਿਸਾਨ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।
ਇਸ ਮਗਰੋਂ ਮਾਹੌਲ ਨੂੰ ਸ਼ਾਂਤ ਕਰਨ ਲਈ ਪੁਲੀਸ ਨੇ ਦੋ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਉਨ੍ਹਾਂ ਨੂੰ ਆਪਣੇ ਨਾਲ ਥਾਣੇ ਲੈ ਗਈ ਹੈ। ਕਈ ਕਿਸਾਨ ਡੀਐਮਸੀ ਵਿੱਚ ਹੀ ਫਸੇ ਹੋਏ ਹਨ। ਉਹ ਕਿਸਾਨ ਆਗੂ ਡੱਲੇਵਾਲ ਨੂੰ ਮਿਲਣ ‘ਤੇ ਅੜੇ ਹੋਏ ਹਨ।
ਜਾਣਕਾਰੀ ਅਨੁਸਾਰ ਕਿਸਾਨ ਆਗੂ ਡੱਲੇਵਾਲ 26 ਨਵੰਬਰ ਨੂੰ ਮਰਨ ਵਰਤ ਸ਼ੁਰੂ ਕਰਨ ਵਾਲੇ ਸਨ। ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਪੁਲਿਸ ਕਸਟਡੀ ਵਿੱਚ ਉਨ੍ਹਾਂ ਨੂੰ ਕਰੀਬ 58 ਘੰਟੇ ਬੀਤ ਚੁੱਕੇ ਹਨ। ਇਸ ਦੌਰਾਨ ਡੱਲੇਵਾਲ ਨਾਲ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਗਿਆ। ਨਾ ਹੀ ਕਿਸੇ ਨਾਲ ਗੱਲ ਕਰਨ ਦਿੱਤੀ ਗਈ।
ਉੱਥੇ ਹੀ ਬੀਤੇ ਬੁੱਧਵਾਰ ਨੂੰ ਹਿਰਾਸਤ ਦੇ ਕਰੀਬ 44 ਘੰਟੇ ਬਾਅਦ ਲੁਧਿਆਣਾ ਦੇ DMC ਹਸਪਤਾਲ ਤੋਂ ਡੱਲੇਵਾਲ ਦੀ ਪਹਿਲੀ ਤਸਵੀਰ ਸਾਹਮਣੇ ਆਈ ਸੀ। ਤਸਵੀਰ ਵਿੱਚ ਉਹ DMC ਦੇ ਅੰਦਰ ਜਾਂਦੇ ਹੋਏ ਨਜ਼ਰ ਆ ਰਹੇ ਹਨ। ਡੱਲੇਵਾਲ ਦੇ ਨਾਲ ਪੁਲਿਸ ਵੀ ਮੌਜੂਦ ਹੈ। ਡੱਲੇਵਾਲ ਦਾ ਮਰਨ ਵਰਤ ਹਸਪਤਾਲ ਵਿੱਚ ਵੀ ਜਾਰੀ ਹੈ।