ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ’ਤੇ ਚੱਲ ਰਿਹਾ ਮਰਨ ਵਰਤ ਅੱਜ (ਮੰਗਲਵਾਰ) 64ਵੇਂ ਦਿਨ ਵਿੱਚ ਦਾਖਲ ਹੋ ਗਿਆ। ਇਸ ਦੇ ਨਾਲ ਹੀ ਅੱਜ ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਸਰਹੱਦ ਤੋਂ ਲੋਕਾਂ ਨੂੰ ਸੰਦੇਸ਼ ਦਿੱਤਾ। ਉਨ੍ਹਾਂ ਲੋਕਾਂ ਨੂੰ 12 ਫਰਵਰੀ ਨੂੰ ਖਨੌਰੀ ਬਾਰਡਰ ਵਿਖੇ ਹੋਣ ਵਾਲੀ ਮਹਾਪੰਚਾਇਤ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਤੁਹਾਡੇ ਆਉਣਾ ਨਾਲ ਮੈਨੂੰ ਊਰਜਾ ਮਿਲਦੀ ਹੈ।
ਅੱਜ ਖਨੌਰੀ ਬਾਰਡਰ ਉੱਤੇ ਮਹਾਰਾਜ ਪ੍ਰਕਾਸ਼ ਹੋਵੇਗਾ ਅਤੇ 30 ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਰੱਬ ਦਾ ਸ਼ੁਕਰਾਨਾ ਕਰਾਂਗੇ ਕਿ ਸਰਕਾਰ ਨੂੰ ਮਹਾਰਾਜ ਸਮੱਤ ਬਖ਼ਸ਼ੇ।ਓਹਨਾਂ ਕਿਹਾ 12 ਫਰਵਰੀ ਨੂੰ ਕਿਸਾਨ ਅਤੇ ਮਜਦੂਰਾਂ ਦੀ ਇੱਕ ਵੱਡੀ ਕਿਸਾਨ ਮਹਾ ਪੰਚਾਇਤ ਹੋਵੇਗੀ, ਜਿੱਥੇ ਪਹੁੰਚੇ ਲੋਕ ਆਪਣੀ ਸਲਾਹ ਦੇਣਗੇ ਕਿ ਮੈਂ 14 ਫਰਵਰੀ ਦੀ ਮੀਟਿੰਗ ਵਿੱਚ ਸ਼ਾਮਲ ਹੋਵਾ ਜਾਂ ਨਾਂ ਹੋਵਾ। 12 ਫਰਵਰੀ ਨੂੰ ਖਨੌਰੀ ਬਾਰਡਰ ਵਿਖੇ ਹੋਣ ਵਾਲੀ ਮਹਾ ਪੰਚਾਇਤ ਵਿੱਚ ਸਾਰਾ ਪੰਜਾਬ ਸ਼ਾਮਲ ਹੋਵੇ, ਤੁਹਾਡੀ ਹਾਜ਼ਰੀ ਨਾਲ ਮੈਨੂੰ ਮਜਬੂਤੀ ਮਿਲੇਗੀ।
ਡੱਲੇਵਾਲ ਨੇ ਆਪਣੇ 8 ਮਿੰਟ ਦੇ ਸੰਦੇਸ਼ ਵਿੱਚ ਕਿਹਾ ਕਿ ਦੇਸ਼ ਵਿਚ ਇਹ ਭਾਵਨਾ ਪੈਦਾ ਹੋ ਰਹੀ ਹੈ ਕਿ ਦੇਸ਼ ਨੂੰ MSP ਗਾਰੰਟੀ ਕਾਨੂੰਨ ਮਿਲਣਾ ਚਾਹੀਦਾ ਹੈ। ਜਦੋਂ ਪਿਛਲਾ ਅੰਦੋਲਨ ਮੁਲਤਵੀ ਕੀਤਾ ਗਿਆ ਤਾਂ ਦੂਜੇ ਰਾਜਾਂ ਨੇ ਸ਼ਿਕਾਇਤ ਕੀਤੀ ਕਿ ਪੰਜਾਬ ਦੇ ਲੋਕ ਅੰਦੋਲਨ ਨੂੰ ਚੁਰਾਹੇ ‘ਤੇ ਛੱਡ ਰਹੇ ਹਨ। ਅਸੀਂ ਚਾਹੁੰਦੇ ਸੀ ਕਿ ਪੰਜਾਬ ‘ਤੇ ਅਜਿਹਾ ਦੋਸ਼ ਨਾ ਲਾਇਆ ਜਾਵੇ। ਪੂਰੇ ਦੇਸ਼ ਨੂੰ MSP ਦੀ ਗਾਰੰਟੀ ਚਾਹੀਦੀ ਹੈ। ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਪੰਜਾਬ ਨੂੰ ਵੀ MSP ਦੀ ਗਾਰੰਟੀ ਚਾਹੀਦੀ ਹੈ। ਇਸ ਲਈ ਮੈਂ ਜੋ ਕੁਝ ਕਰ ਸਕਦਾ ਸੀ, ਉਹ ਕੀਤਾ। ਹਾਲਾਂਕਿ, ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਇਹ ਮੈਂ ਖੁਦ ਨਹੀਂ ਕੀਤਾ, ਸਗੋਂ ਪਰਮਾਤਮਾ ਨੇ ਕਰਵਾਇਆ ਹੈ। ਜੋ ਕਰਦਾ ਹੈ ਉਹ ਵਾਹਿਗੁਰੂ ਹੈ। ਮੈਂ ਇਸ ਲਈ ਪੂਰੇ ਦੇਸ਼ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।
ਸਰਕਾਰ ਵੱਲੋਂ 18 ਜਨਵਰੀ ਦੀ ਰਾਤ ਨੂੰ ਪੱਤਰ ਦਿੱਤਾ ਗਿਆ ਸੀ ਕਿ 14 ਫਰਵਰੀ ਨੂੰ ਤੁਹਾਡੇ ਨਾਲ ਸਰਕਾਰ ਮੀਟਿੰਗ ਕਰੇਗੀ। ਉਸ ਸਮੇਂ ਸਾਰੇ ਦੋਸਤਾਂ ਅਤੇ ਦੋਵਾਂ ਮੰਚਾਂ ਨੇ ਕਿਹਾ ਕਿ ਤੁਸੀਂ ਡਾਕਟਰੀ ਸਹਾਇਤਾ ਲਓ। ਮੈਂ ਡਾਕਟਰੀ ਸਹਾਇਤਾ ਲਈ ਹੈ। ਪਰ ਮੇਰਾ ਮਰਨ ਵਰਤ ਜਾਰੀ ਹੈ ਅਤੇ ਇਹ ਉਦੋਂ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਮੰਗਾਂ ਪੂਰੀਆਂ ਨਹੀਂ ਕਰਦੀ। ਉਨ੍ਹਾਂ ਕਿਹਾ ਕਿ 14 ਫਰਵਰੀ ਦੀ ਮੀਟਿੰਗ ਵਿੱਚ ਸਿਹਤ ਨਾਂ ਠੀਕ ਹੋਣ ਕਰਕੇ ਨਹੀਂ ਜਾ ਸਕਦਾ।