ਕਿਸਾਨਾਂ ਨੇ ਅੱਜ ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ ਵਿਖੇ ਮੀਟਿੰਗ ਕਰਕੇ 30 ਦਸੰਬਰ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਾਰੀਆਂ ਰੇਲ ਗੱਡੀਆਂ, ਬੱਸਾਂ ਅਤੇ ਸਰਕਾਰੀ ਅਤੇ ਨਿੱਜੀ ਅਦਾਰੇ ਬੰਦ ਰਹਿਣਗੇ।
ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਹੋਇਆ ਹੈ ਕਿ ਇਸ ਦੌਰਾਨ ਸੜਕੀ ਅਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਮੀਟਿੰਗ ਵਿੱਚ ਟੀਚਿੰਗ, ਟਰਾਂਸਪੋਰਟ, ਬਿਜਲੀ ਮੁਲਾਜ਼ਮਾਂ, ਆਸ਼ਾ ਵਰਕਰਾਂ, ਸਾਬਕਾ ਸੈਨਿਕਾਂ, ਪ੍ਰੋਫੈਸਰਾਂ, ਪੱਤਰਕਾਰ ਸੰਘ, ਵਪਾਰ ਮੰਡਲ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।
ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 30 ਦਿਨ ਵਿਚ ਪਹੁੰਚਣ ਕਾਰਨ ਕਿਸਾਨ ਅੰਦੋਲਨ ਤਿੱਖਾ ਹੁੰਦਾ ਜਾ ਰਿਹਾ ਹੈ। ਪਹਿਲਾਂ ਕਿਸਾਨਾਂ ਨੇ ਪੰਜਾਬ ਭਰ ਵਿਚ ਰੇਲਾਂ ਰੋਕੀਆਂ ਸਨ, ਹੁਣ 30 ਦਸੰਬਰ ਨੂੰ ਮੁਕੰਮਲ ਬੰਦ ਦੀ ਅਪੀਲ ਕੀਤੀ ਗਈ ਹੈ। ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤਕ ਪੰਜਾਬ ਬੰਦ ਰਹੇਗਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ 30 ਦਸੰਬਰ ਨੂੰ ਪੂਰਾ ਪੰਜਾਬ ਬੰਦ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪੰਜਾਬ ਬੰਦ ਵਿਚ ਪੰਜਾਬ ਭਰ ਵਿੱਚੋਂ ਅਧਿਆਪਕ, ਟਰਾਂਸਪੋਰਟ, ਨੰਬਰਦਾਰ ਯੂਨੀਅਨ, ਜੀਐਨਡੀਯੂ ਵਿਦਿਆਰਥੀ ਜਥੇਬੰਦੀ, ਵੱਖ-ਵੱਖ ਬੱਸ ਯੂਨੀਅਨਾਂ ਸ਼ਾਮਿਲ ਹੋਣਗੀਆਂ ਅਤੇ 30 ਦਸੰਬਰ ਦੇ ਪੰਜਾਬ ਬੰਦ ਵਿਚ ਉਨ੍ਹਾਂ ਦਾ ਸਹਿਯੋਗ ਕਰਨਗੀਆਂ, ਜਿਸ ਨਾਲ ਪੰਜਾਬ ਅਤੇ ਕੇਂਦਰ ਸਰਕਾਰ ਦੀ ਨੀਂਦ ਉੱਡ ਜਾਵੇਗੀ।