ਲੁਧਿਆਣਾ, 28 ਅਪ੍ਰੈਲ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਿੱਖਿਆ ਅਤੇ ਖੇਤੀਬਾੜੀ ਖੇਤਰ ਵਿੱਚ ਖੋਜ ਨੂੰ ਉਤਸ਼ਾਹਤ ਕਰਨ ਦੀ ਦ੍ਰਿੜ ਵਚਨਬੱਧਤਾ ਤਹਿਤ ਸੂਬੇ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਨੂੰ ਵਿੱਤੀ ਸਾਲ 2025-26 ਵਿੱਚ ਰਾਜ ਸਰਕਾਰ ਤੋਂ 40 ਕਰੋੜ ਰੁਪਏ ਦੀ ਪੂੰਜੀ ਗ੍ਰਾਂਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਵਿੱਤੀ ਸਾਲ 2024-25 ਵਿੱਚ 20 ਕਰੋੜ ਰੁਪਏ ਦੀ ਪੂੰਜੀ ਗ੍ਰਾਂਟ ਨਾਲ ਖੇਤੀਬਾੜੀ ਖੋਜ ਅਤੇ ਅਕਾਦਮਿਕ ਬੁਨਿਆਦੀ ਢਾਂਚੇ ਨੂੰ ਅੱਗੇ ਵਧਾਉਣ ਲਈ ਪੀਏਯੂ ਦੇ ਯਤਨਾਂ ਨੂੰ ਲੋੜੀਂਦਾ ਹੁਲਾਰਾ ਦਿੱਤਾ ਗਿਆ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਹ ਐਲਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੇ ਗਏ ‘ਐਗਰੋ ਪ੍ਰੋਸੈਸਿੰਗ ਕੰਪਲੈਕਸ’ ਦਾ ਉਦਘਾਟਨ ਕਰਨ ਮੌਕੇ ਕੀਤਾ, ਜੋ ਕਿ 46 ਲੱਖ ਰੁਪਏ ਦੀ ਮਸ਼ੀਨਰੀ ਨਾਲ ਲੈਸ ਅਤਿ-ਆਧੁਨਿਕ ਕੰਪਲੈਕਸ ਹੈ। ਉਨ੍ਹਾਂ ਇਸ ਮੌਕੇ 2 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਉੱਚ ਪੱਧਰੀ ਪ੍ਰੋਜੈਕਟ ‘ਪਲਾਂਟ ਐਕਲੀਮੇਟਾਈਜ਼ੇਸ਼ਨ ਫੈਸਿਲਿਟੀ’ ਅਤੇ ਜੀਨ ਬੈਂਕ ਦਾ ਨੀਂਹ ਪੱਥਰ ਵੀ ਰੱਖਿਆ।
ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ‘ਐਗਰੋ ਪ੍ਰੋਸੈਸਿੰਗ ਕੰਪਲੈਕਸ’ ਨੂੰ ਪਿੰਡਾਂ ਦੇ ਨੌਜਵਾਨਾਂ ਨੂੰ ਸਫਲ ਉੱਦਮੀ ਬਣਨ ਅਤੇ ਪਿੰਡ ਅਤੇ ਕਲੱਸਟਰ ਪੱਧਰ ‘ਤੇ ਵੈਲਯੂ-ਐਡਿਡ ਪ੍ਰੋਸੈਸਿੰਗ ਰਾਹੀਂ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਦੇ ਮਕਸਦ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ‘ਪਲਾਂਟ ਐਕਲੀਮੇਟਾਈਜ਼ੇਸ਼ਨ ਫੈਸੀਲਿਟੀ’ ਸਦਕਾ ਖੇਤੀਬਾੜੀ ਯੂਨੀਵਰਸਿਟੀ ਕਿਸਾਨਾਂ ਨੂੰ ਵਪਾਰਕ ਟਿਸ਼ੂ ਕਲਚਰ ਰਾਹੀਂ ਤਿਆਰ ਕੀਤੇ ਗਏ ਉੱਚ ਗੁਣਵੱਤਾ ਵਾਲੀ ਪੌਦਿਆਂ ਦੀ ਸਮੱਗਰੀ ਪ੍ਰਦਾਨ ਕਰਨ ਦੇ ਯੋਗ ਬਣਾਵੇਗੀ, ਜਿਸ ਨਾਲ ਸੂਬੇ ਦੇ ਖੇਤੀਬਾੜੀ ਵਾਤਾਵਰਣ ਨੂੰ ਵੀ ਹੁਲਾਰਾ ਮਿਲੇਗਾ।
ਇਸ ਦੌਰਾਨ ਯੂਨੀਵਰਸਿਟੀ ਦੇ ਦੌਰੇ ਦੌਰਾਨ ਵਿੱਤ ਮੰਤਰੀ ਨੇ ਵਿੱਤੀ ਵਰ੍ਹੇ 2024-25 ਦੌਰਾਨ ਦਿੱਤੀ ਗਈ 20 ਕਰੋੜ ਰੁਪਏ ਦੀ ਪੂੰਜੀ ਗਰਾਂਟ ਨਾਲ ਚੱਲ ਰਹੇ ਮੁਰੰਮਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦਾ ਵੀ ਨਿਰੀਖਣ ਕੀਤਾ। ਇਹਨਾਂ ਪ੍ਰੋਜੈਕਟਾਂ ਵਿੱਚ ਡਾ. ਐਮ.ਐਸ. ਰੰਧਾਵਾ ਲਾਇਬ੍ਰੇਰੀ ਵਿੱਚ 4 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਏਅਰ-ਕੰਡੀਸ਼ਨਿੰਗ ਸਿਸਟਮ ਦੀ ਸਥਾਪਨਾ, ਲਾਇਬ੍ਰੇਰੀ ਵਿੱਚ ਬੈਠਣ ਅਤੇ ਕਿਤਾਬਾਂ ਰੱਖਣ ਵਾਲੇ ਢਾਂਚੇ ਦਾ ਨਵੀਨੀਕਰਨ, ਲੜਕਿਆਂ ਦੇ ਹੋਸਟਲ ਵਿੱਚ 2.56 ਕਰੋੜ ਰੁਪਏ ਨਾਲ ਇੱਕ ਵਾਧੂ ਮੰਜ਼ਿਲ ਦਾ ਨਿਰਮਾਣ, 1.43 ਕਰੋੜ ਰੁਪਏ ਦੀ ਗ੍ਰਾਂਟ ਨਾਲ ਆਧੁਨਿਕ ਸਿਹਤ ਉਪਕਰਣਾਂ ਦੀ ਸਥਾਪਨਾ ਨਾਲ ਜਿਮਨੇਜ਼ੀਅਮ ਦੇ ਨਵੀਨੀਕਰਨ ਸਮੇਤ ਖੇਡ ਸਹੂਲਤਾਂ ਦਾ ਨਵੀਨੀਕਰਨ ਸ਼ਾਮਿਲ ਹੈ। ਉਨ੍ਹਾਂ ਯੂਨੀਵਰਸਿਟੀ ਦੇ ਹੋਸਟਲਾਂ, ਸਪੋਰਟਸ ਮਿਊਜ਼ੀਅਮ, ਸਵੀਮਿੰਗ ਪੂਲ, ਗੈਸਟ ਹਾਊਸ ਅਤੇ ਰਿਹਾਇਸ਼ੀ ਇਲਾਕਿਆਂ ਦਾ ਵੀ ਦੌਰਾ ਕੀਤਾ|
ਇਸ ਮੌਕੇ ਵਿੱਤ ਮੰਤਰੀ ਨੂੰ ਡਿਜੀਟਲ ਅਤੇ ਸਮਾਰਟ ਐਗਰੀਕਲਚਰ ਵਿੱਚ ਪੰਜਾਬ ਨੂੰ ਮੋਹਰੀ ਬਣਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਭਿਲਾਸ਼ੀ ਰੋਡਮੈਪ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਪਹਿਲਕਦਮੀ ਤਹਿਤ ਖੇਤੀਬਾੜੀ ਵਿੱਚ ਉੱਚ-ਪ੍ਰਦਰਸ਼ਨ ਕੰਪਿਊਟਿੰਗ (ਐਚ.ਪੀ.ਸੀ) ਸਹੂਲਤਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) ਸਮੇਤ ਉੱਨਤ ਖੋਜ ਬੁਨਿਆਦੀ ਢਾਂਚੇ ਦਾ ਲਾਭ ਉਠਾਇਆ ਜਾਵੇਗਾ।
ਪੰਜਾਬ ਸਰਕਾਰ ਤੋਂ ਲਗਾਤਾਰ ਪ੍ਰਾਪਤ ਹੋ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਪੀਏਯੂ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਦੇ ਭੌਤਿਕ, ਖੋਜ ਅਤੇ ਅਕਾਦਮਿਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਪੂੰਜੀ ਗ੍ਰਾਂਟ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਸਾਨ ਭਾਈਚਾਰੇ, ਵਿਦਿਆਰਥੀਆਂ ਅਤੇ ਉੱਦਮੀਆਂ ਦੀ ਸੇਵਾ ਪ੍ਰਤੀ ਪੀਏਯੂ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਕਾਸ ਪ੍ਰਤੀ ਪੰਜਾਬ ਸਰਕਾਰ ਦੇ ਅਟੁੱਟ ਸਮਰਥਨ ਨੂੰ ਦੁਹਰਾਉਂਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਿਰੰਤਰ ਨਿਵੇਸ਼ ਅਤੇ ਰਣਨੀਤਕ ਵਿਕਾਸ ਪਹਿਲਕਦਮੀਆਂ ਯੂਨੀਵਰਸਿਟੀ ਨੂੰ ਆਪਣੇ ਮਿਸ਼ਨ-ਅਧਾਰਿਤ ਪ੍ਰੋਜੈਕਟਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਦੇ ਯੋਗ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਖੇਤੀਬਾੜੀ ਖੋਜ ਅਤੇ ਨਵੀਨਤਾ ਲਈ ਰਾਹ ਪੱਧਰਾ ਹੋਵੇਗਾ, ਜਿਸ ਨਾਲ ਪੰਜਾਬ ਦੇ ਕਿਸਾਨਾਂ, ਵਿਦਿਆਰਥੀਆਂ ਅਤੇ ਖੇਤੀ ਉੱਦਮੀਆਂ ਦੀ ਅਗਲੀ ਪੀੜ੍ਹੀ ਨੂੰ ਵੱਡਾ ਹੁਲਾਰਾ ਮਿਲੇਗਾ।