ਦਿ ਸਿਟੀ ਹੈੱਡ ਲਾਈਨਸ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਸਮੇਤ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਕੇਂਦਰ ‘ਤੇ ਦਬਾਅ ਬਣਾਉਣ ਦੀ ਮੰਗ ਨੂੰ ਲੈਕੇ 13 ਫਰਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦੇ ਮੱਦੇਨਜ਼ਰ ਪੰਜਾਬ-ਹਰਿਆਣਾ ਅਤੇ ਦਿੱਲੀ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕਿਸਾਨਾਂ ਦੇ ‘ਦਿੱਲੀ-ਚਲੋ’ ਪ੍ਰਦਰਸ਼ਨ ਕਾਰਨ ਹਰਿਆਣਾ ਦੇ ਜੀਂਦ, ਟਿੱਕਰੀ ਅਤੇ ਸਿੰਗੂ ਸਰਹੱਦਾਂ ‘ਤੇ ਬੈਰੀਕੇਡ ਲਗਾ ਸੀਲ ਕਰਕੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਵਾਹਨਾਂ ਨੂੰ ਸ਼ਹਿਰ ਵਿਚ ਦਾਖਲ ਹੋਣ ਤੋਂ ਰੋਕ ਲਗਾ ਦਿੱਤੀ ਲਈ ਹੈ, ਦਿੱਲੀ ਦੀਆਂ ਸਰਹੱਦਾਂ ਨੂੰ ਕੰਕਰੀਟ ਦੇ ਬੈਰੀਅਰਾਂ ਅਤੇ ਸੜਕਾਂ ‘ਤੇ ਲੋਹੇ ਦੇ ਬੇਰੀਕੇਡ ਲਗਾ ਕੇ ਮਜ਼ਬੂਤ ਕੀਤਾ ਗਿਆ ਹੈ। ਕਿਸਾਨਾਂ ਦੇ ਦਿੱਲੀ ਚਲੋ ਸੱਦੇ ਦੇ ਕਾਰਨ ਸੋਮਵਾਰ ਸਵੇਰੇ ਤੋਂ ਹੀ ਦਿੱਲੀ ਦੇ ਸਰਹੱਦੀ ਖੇਤਰਾਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ, ਜਿਸ ਨਾਲ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਦੇ ਅਨੁਸਾਰ ਅੰਮ੍ਰਿਤਸਰ ਦੇ ਇਲਾਕਾ ਬਿਆਸ ਤੋਂ ਕਿਸਾਨਾਂ ਦਾ ਵੱਡਾ ਕਾਫਲਾ ਦਿੱਲੀ ਲਈ ਰਵਾਨਾ ਹੋਇਆ ਹੈ। ਇਹ ਕਾਫ਼ਲੇ ਵਿੱਚ ਹਜ਼ਾਰਾਂ ਟਰੈਕਟਰ ਸ਼ਾਮਲ ਹਨ। ਕਿਸਾਨ ਆਪਣੇ ਨਾਲ ਰਾਸ਼ਨ ਅਤੇ ਰੋਜ਼ਾਨਾ ਵਰਤੋਂ ਦੀਆਂ ਹੋਰ ਵਸਤਾਂ ਵੀ ਲੈ ਕੇ ਜਾ ਰਹੇ ਹਨ। ਕਿਸਾਨ ਭਲਕੇ ਹਰਿਆਣਾ ਪੰਜਾਬ ਬਾਰਡਰ ‘ਤੇ ਪਹੁੰਚ ਜਾਣਗੇ।
ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਗਾਜ਼ੀਪੁਰ, ਟਿੱਕਰੀ ਅਤੇ ਸਿੰਗੂ ਸਰਹੱਦਾਂ ‘ਤੇ ਧਾਰਾ 144 ਤਹਿਤ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਕਿਸਾਨਾਂ ਦੇ ‘ਦਿੱਲੀ ਚਲੋ’ ਅੰਦੋਲਨ ਨੂੰ ਲੈਕੇ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਉੱਚ ਪੱਧਰੀ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ।ਜਿਸ ਤੋਂ ਬਾਅਦ ਸਪੈਸ਼ਲ ਸੀਪੀ ਰੈਂਕ ਦੇ ਅਧਿਕਾਰੀਆਂ ਨੂੰ ਸਰਹੱਦ ‘ਤੇ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਨਾਲ ਹੀ ਦਿੱਲੀ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਰੱਦ ਕੀਤੀਆਂ ਜਾ ਰਹੀਆਂ ਹਨ।
ਦਿੱਲੀ ਟ੍ਰੈਫਿਕ ਪੁਲਿਸ ਨੇ ਕਿਸਾਨਾਂ ਦੇ ਮਾਰਚ ਤੋਂ ਪਹਿਲਾਂ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਦਿੱਲੀ ਪੁਲਿਸ ਦੀ ਐਡਵਾਈਜ਼ਰੀ ਅਨੁਸਾਰ ਸੋਮਵਾਰ ਤੋਂ ਕਮਰਸ਼ੀਅਲ ਵਾਹਨਾਂ ਲਈ ਟ੍ਰੈਫਿਕ ਪਾਬੰਦੀਆਂ ਲਗਾਈਆਂ ਜਾਣਗੀਆਂ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਸੋਮਵਾਰ ਤੋਂ ਵਪਾਰਕ ਵਾਹਨਾਂ ਲਈ ਸਿੰਘੂ ਬਾਰਡਰ ‘ਤੇ ਅਤੇ ਮੰਗਲਵਾਰ ਤੋਂ ਸਾਰੀਆਂ ਕਿਸਮਾਂ ਦੇ ਵਾਹਨਾਂ ਲਈ ਟ੍ਰੈਫਿਕ ਪਾਬੰਦੀਆਂ/ਡਾਇਵਰਸ਼ਨ ਲਾਗੂ ਕੀਤੇ ਜਾਣਗੇ।