ਸੰਯੁਕਤ ਕਿਸਾਨ ਮੋਰਚਾ (SKM) ਸਮੇਤ ਕਿਸਾਨ ਜਥੇਬੰਦੀਆਂ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨਗੀਆਂ। ਇਸ ਸਬੰਧੀ ਚੰਡੀਗੜ੍ਹ ਤੋਂ ਦਿੱਲੀ ਅਤੇ ਪੰਜਾਬ ਤੋਂ ਦਿੱਲੀ ਲਈ ਰੂਟ ਮੋੜ ਦਿੱਤੇ ਗਏ ਹਨ। ਕੱਲ੍ਹ ਹਰਿਆਣਾ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਸੀ।
ਹਰਿਆਣਾ ਦੀ ਵਧੀਕ ਪੁਲਿਸ ਡਾਇਰੈਕਟਰ ਜਨਰਲ (ਕਾਨੂੰਨ ਵਿਵਸਥਾ) ਮਮਤਾ ਸਿੰਘ ਨੇ ਕਿਹਾ ਕਿ ਹਰਿਆਣਾ ਤੋਂ ਪੰਜਾਬ ਨੂੰ ਜਾਣ ਵਾਲੇ ਸਾਰੇ ਮੁੱਖ ਮਾਰਗਾਂ ‘ਤੇ ਆਵਾਜਾਈ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ।
ਪ੍ਰਭਾਵਿਤ ਜ਼ਿਲ੍ਹਿਆਂ ਖਾਸ ਕਰਕੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਫਤਿਹਾਬਾਦ, ਸਿਰਸਾ ਵਿੱਚ ਆਵਾਜਾਈ ਦੇ ਰੂਟਾਂ ਨੂੰ ਅਸਥਾਈ ਤੌਰ ‘ਤੇ ਬਦਲਣ ਦੀ ਤਿਆਰੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।
ਦਰਅਸਲ ਪੰਜਾਬ ਦੇ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 10 ਹਜ਼ਾਰ ਟਰੈਕਟਰ ਟਰਾਲੀਆਂ ‘ਤੇ ਦਿੱਲੀ ਜਾਣ ਲਈ ਹਰਿਆਣਾ ‘ਚ ਦਾਖਲ ਹੋਣਗੇ। ਇਸ ਲਈ ਸ਼ੰਭੂ ਬਾਰਡਰ, ਡੱਬਵਾਲੀ ਅਤੇ ਖਨੌਰੀ ਬਾਰਡਰ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਸਰਹੱਦਾਂ ਨੂੰ ਹਰਿਆਣਾ ਪੁਲਿਸ ਨੇ ਸੀਲ ਕਰ ਦਿੱਤਾ ਹੈ। ਪੁਲਿਸ ਅਨੁਸਾਰ ਲੋਕ ਕਿਸੇ ਵੀ ਅਣਸੁਖਾਵੀਂ ਸਥਿਤੀ ਵਿੱਚ ਡਾਇਲ-112 ‘ਤੇ ਸੰਪਰਕ ਕਰਕੇ ਮਦਦ ਲੈ ਸਕਦੇ ਹਨ।