ਲੁਧਿਆਣਾ, 04 ਅਗਸਤ : ਕਾਂਗਰਸ ਦੇ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ED ਵਲੋ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਨੇਤਾਵਾਂ ਨੇ ਆਪਣੀ ਚੁੱਪ ਤੋੜੀ। ਅੱਜ ਲੁਧਿਆਣਾ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਈਡੀ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ ਗਲਤ ਕਾਰਵਾਈ ਕੀਤੀ ਹੈ। ਜਿਸ ਕੇਸ ਵਿੱਚ ਈਡੀ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ, ਉਸ ਵਿੱਚ ਆਸ਼ੂ ਪਹਿਲਾਂ ਹੀ 7 ਮਹੀਨੇ ਜੇਲ੍ਹ ਕੱਟ ਚੁੱਕੇ ਹਨ ਪਰ ਈਡੀ ਉਨ੍ਹਾਂ ਕੇਸਾਂ ਨੂੰ ਜਾਂਚ ਦੇ ਆਧਾਰ ਵਜੋਂ ਵਰਤ ਕੇ ਕਾਰਵਾਈ ਕਰ ਰਿਹਾ ਹੈ।
ਅੱਜ ਯੂਥ ਕਾਂਗਰਸ ਵੱਲੋਂ ਵਰਕਰਾਂ ਲਈ ਕੈਂਪ ਲਗਾਇਆ ਗਿਆ ਹੈ। ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਸ਼ਟਰੀ ਯੂਥ ਪ੍ਰਧਾਨ ਕ੍ਰਿਸ਼ਨਾ ਅਲਾਵਰੂ ਅਤੇ ਸੂਬਾ ਯੂਥ ਕਾਂਗਰਸ ਪ੍ਰਧਾਨ ਮੋਹਿਤ ਮਹਿੰਦਰਾ ਅੱਜ ਲੁਧਿਆਣਾ ਪਹੁੰਚੇ। ਉਹਨਾਂ ਨੇ ਕਿਹਾ ਕਿ ਜਦੋਂ ਆਸ਼ੂ ਨੂੰ ਪਹਿਲੀ ਵਾਰ ਈਡੀ ਨੇ ਸੰਮਨ ਜਾਰੀ ਕੀਤਾ ਤਾਂ ਉਹ ਖ਼ੁਦ ਸਹਿਯੋਗ ਕਰਨ ਆਇਆ ਸੀ ਪਰ ਈਡੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੂਰੇ ਦੇਸ਼ ਵਿੱਚ ਈਡੀ, ਸੀਬੀਆਈ ਅਤੇ ਇਨਕਮ ਟੈਕਸ ਦਾ ਦੌਰ ਚੱਲ ਰਿਹਾ ਹੈ। ਸਮੁੱਚੀ ਕਾਂਗਰਸ ਆਸ਼ੂ ਦੇ ਨਾਲ ਹੈ। ਆਸ਼ੂ ਨਾਲ ਵੀ ਜਲਦੀ ਹੀ ਮੁਲਾਕਾਤ ਕੀਤੀ ਜਾਵੇਗੀ।