ਅੱਜ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਦੁਪਹਿਰ 3 ਵਜੇ ਤੱਕ 46.38 ਫੀਸਦੀ ਵੋਟਿੰਗ ਹੋਈ ਹੈ। ਇਸ ਵਿਚਾਲੇ ਹੀ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ‘ਆਪ’ ਉਮੀਦਵਾਰ ਪੱਪੀ ਪਰਾਸ਼ਰ ਦੇ ਬੇਟੇ ਵਿਕਾਸ ਨੇ ਦਾਅਵਾ ਕੀਤਾ ਕਿ ਰਾਜਾ ਵੜਿੰਗ ਨੇ ਘਰ ਆ ਕੇ ਉਨ੍ਹਾਂ ਨੂੰ ਸਮਰਥਨ ਦਿੱਤਾ ਹੈ ਜਿਸ ਤੋਂ ਬਾਅਦ ਤਰਾਂ ਤਰਾਂ ਦੀਆ ਪ੍ਰੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ
ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਘਰ ਆ ਕੇ ਆਤਮ ਸਮਰਪਣ ਕੀਤਾ।ਮੈਂ ਪਹਿਲਾਂ ਹੀ ਕਹਿ ਰਿਹਾ ਸੀ ਕਿ ਦੋਵੇਂ ਇੱਕ ਹਨ।
ਪਰ ਹੁਣ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ‘ਆਪ’ ਉਮੀਦਵਾਰ ਪੱਪੀ ਦੇ ਪੁੱਤਰ ਵਿਕਾਸ ਦੇ ਦਾਅਵੇ ਨੂੰ ਸਿਰੇ ਤੋਂ ਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਵਾਲੇ ਲੋਕ ਮੇਰੇ ਰਿਸ਼ਤੇਦਾਰ ਨਹੀਂ ਹਨ ਕਿ ਮੈਂ ਉਨ੍ਹਾਂ ਨੂੰ ਸਮਰਥਨ ਦਿਆ।
ਉਨ੍ਹਾਂ ਕਿਹਾ ਕਿ “ਸੁਸ਼ੀਲ ਪ੍ਰਾਸ਼ਰ ਸਾਡੇ ਪੁਰਾਣੇ ਵਰਕਰ ਹਨ ਤੇ ਪੱਪੀ ਪ੍ਰਾਸ਼ਰ ਦੇ ਤਾਇਆ ਜੀ ਦੇ ਬੇਟੇ ਵੀ ਹਨ। ਉਹਨਾਂ ਦੇ ਕਾਂਗਰਸ ਪਾਰਟੀ ਨੂੰ ਸਮਰਥਨ ਕਰਨ ਕਾਰਨ ਪੱਪੀ ਪ੍ਰਾਸ਼ਰ ਦੇ ਵਰਕਰ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ, ਜਿਸਦੀ ਸੂਚਨਾ ਮੈਨੂੰ ਮਿਲੀ ਤਾਂ ਮੈਂ ਤੁਰੰਤ ਉਹਨਾਂ ਦੇ ਘਰ ਪਹੁੰਚਿਆ ਤੇ ਸੁਸ਼ੀਲ ਪ੍ਰਾਸ਼ਰ ਜੀ ਦੀ ਹੌਂਸਲਾ ਅਫ਼ਜਾਈ ਕੀਤੀ। ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਹਰ ਵਰਕਰ ਨਾਲ ਹਿੱਕ ਡਾਅ ਕੇ ਖੜਾ ਹਾਂ ਤੇ ਖੜਾ ਰਹਾਂਗਾ। ਵਿਰੋਧੀ ਆਪਣੀ ਹਾਰ ਵੇਖ ਬੁਖਲਾਹਨ ਵਿੱਚ ਹਨ ਤੇ ਝੂਠ ਦੇ ਸਹਾਰੇ ਜਿੱਤਣਾ ਚਾਹੁੰਦੇ ਹਨ ਜੋ ਕਦੇ ਸੰਭਵ ਨਹੀਂ ਹੋ ਸਕੇਗਾ।”
ਉਨ੍ਹਾਂ ਅੱਗੇ ਕਿਹਾ ਕਿ “ਭਾਈਚਾਰਕ ਸਾਂਝ ਨੂੰ ਤੋੜਨ ਵਾਲੇ ਕੰਮ ਇਹ ਲੋਕ ਕਰ ਰਹੇ ਹਨ। ਸੁਸ਼ੀਲ ਪ੍ਰਾਸ਼ਰ ਨੂੰ ਮਿਲਣ ਲਈ ਜਦੋਂ ਮੈਂ ਉਹਨਾਂ ਘਰ ਗਿਆ ਤਾਂ ਪੱਪੀ ਪ੍ਰਾਸ਼ਰ ਦਾ ਮੁੰਡਾ ਉੱਥੇ ਆ ਕੇ ਫੋਟੋਆ ਖਿਚਵਾ ਕੇ ਗਿਆ ਤੇ ਬਾਹਰ ਆ ਕੇ ਬਿਆਨ ਸਮਰਥਨ ਵਾਲੇ ਦੇ ਰਿਹਾ ਹੈ। ਮਤਲਬ ਕਿ ਲੋਕਾਂ ਵਿੱਚ ਇੰਨੀ ਵੀ ਇਨਸਾਨੀਅਤ ਜਾਂ ਨੈਤਿਕਤਾ ਬਾਕੀ ਨਹੀਂ ਰਹੀ ਹੈ ਕਿ ਉਹ ਸਹੀ ਤਰੀਕੇ ਚੋਣਾਂ ਲੜ ਸਕਣ।”