ਚੰਡੀਗੜ੍ਹ/ ਜੈਪੁਰ : ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ (ਐਨ.ਜ਼ੈੱਡ.ਸੀ.ਸੀ.), ਪਟਿਆਲਾ (ਸੰਸਕ੍ਰਿਤੀ ਮੰਤਰਾਲਾ, ਭਾਰਤ ਸਰਕਾਰ) ਦੇ ਬੋਰਡ ਆਫ਼ ਗਵਰਨਰਜ਼ ਦੀ ਮੀਟਿੰਗ ਜੈਪੁਰ ਵਿਖੇ ਪੰਜਾਬ ਦੇ ਰਾਜਪਾਲ ਦੀ ਪ੍ਰਧਾਨਗੀ ਹੇਠ ਹੋਈ। ਦੱਸਣਯੋਗ ਹੈ ਕਿ ਰਾਜਪਾਲ ਐਨ.ਜ਼ੈੱਡ.ਸੀ.ਸੀ. ਦੇ ਐਕਸ ਆਫੀਸ਼ੀਓ ਚੇਅਰਮੈਨ ਹਨ।
ਬਨਵਾਰੀ ਲਾਲ ਪੁਰੋਹਿਤ ਨੇ ਬੋਰਡ ਆਫ਼ ਗਵਰਨਰਜ਼ ਦੀ ਮੀਟਿੰਗ ਵਿੱਚ ਉੱਚ ਪੱਧਰੀ ਪਾਰਦਰਸ਼ਤਾ ਅਤੇ ਵਿੱਤੀ ਯੋਗਤਾ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਸ ਗੱਲ ਦੀ ਸ਼ਲਾਘਾ ਵੀ ਕੀਤੀ ਕਿ ਐਨ.ਜ਼ੈੱਡ.ਸੀ.ਸੀ. ਵੱਲੋਂ ਕਲਾਕਾਰਾਂ ਅਤੇ ਵਿਕਰੇਤਾਵਾਂ ਨੂੰ ਸਾਰੇ ਭੁਗਤਾਨ ਆਨਲਾਈਨ ਵਿਧੀ ਰਾਹੀਂ ਕੀਤੇ ਜਾ ਰਹੇ ਹਨ।
ਲੋਕ ਕਲਾਕਾਰਾਂ ਦੇ ਸਨਮਾਨ ਪੁਰਸਕਾਰ ਸਬੰਧੀ ਨਿਯਮ ਵੀ ਬੋਰਡ ਦੇ ਸਾਹਮਣੇ ਪੇਸ਼ ਕੀਤੇ ਗਏ ਅਤੇ 1 ਦਸੰਬਰ ਤੋਂ 10 ਦਸੰਬਰ ਤੱਕ ਹੋਣ ਵਾਲੇ ਚੰਡੀਗੜ੍ਹ ਕਰਾਫਟ ਮੇਲੇ ਦੌਰਾਨ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਗਿਆ। ਇਹ ਪੁਰਸਕਾਰ ਪਿਛਲੇ ਸਾਲ ਐਲਾਨੇ ਗਏ ਸਨ ਅਤੇ ਇਸ ਦੀ ਅਦਾਇਗੀ ਰਾਸ਼ੀ ਰਾਜਪਾਲ ਫੰਡ ਵਿੱਚੋਂ ਕੀਤੀ ਜਾਵੇਗੀ। ਮੀਟਿੰਗ ਵਿੱਚ ਨੌਜਵਾਨ ਲੋਕ ਕਲਾਕਾਰਾਂ ਲਈ ਐਵਾਰਡ ਸਥਾਪਤ ਕਰਨ ਦੇ ਸੁਝਾਅ ’ਤੇ ਵੀ ਚਰਚਾ ਕੀਤੀ ਗਈ।
ਮੀਟਿੰਗ ਵਿੱਚ ਐਨ.ਜ਼ੈੱਡ.ਸੀ.ਸੀ ਦੁਆਰਾ ਪਿਛਲੇ ਸਾਲ ਕਰਵਾਏ ਗਏ ਪ੍ਰਮੁੱਖ ਪ੍ਰੋਗਰਾਮਾਂ ਅਤੇ ਤਿਉਹਾਰਾਂ ਦੀਆਂ ਝਲਕੀਆਂ ਦੇ ਨਾਲ ਵਿਤਾਸਤਾ ਤਿਉਹਾਰ ’ਤੇ ਇੱਕ ਦਸਤਾਵੇਜ਼ੀ ਫਿਲਮ ਦਿਖਾਈ ਗਈ। ਐਨ.ਜ਼ੈੱਡ.ਸੀ.ਸੀ ਦੇ ਡਾਇਰੈਕਟਰ ਫੁਰਕਾਨ ਖਾਨ ਨੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਐਨ.ਜ਼ੈੱਡ.ਸੀ.ਸੀ. ਦੇ ਕੰਮਕਾਜ ਅਤੇ ਵਿੱਤੀ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ।
ਰਾਜਪਾਲ ਨੇ ਐਨ.ਜ਼ੈੱਡ.ਸੀ.ਸੀ. ਅਤੇ ਇਸਦੇ ਡਾਇਰੈਕਟਰ ਦੇ ਕੰਮਕਾਜ ਦੀ ਸ਼ਲਾਘਾ ਕੀਤੀ। ਉਹਨਾਂ ਐਨ.ਜ਼ੈੱਡ.ਸੀ.ਸੀ, ਡਾਇਰੈਕਟਰ ਅਤੇ ਉਹਨਾਂ ਦੀ ਟੀਮ ਨੂੰ ਸਖਤ ਮਿਹਨਤ ਅਤੇ ਰੋਜ਼ਾਨਾ ਦੇ ਕੰਮਾਂ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਲਈ ਵਧਾਈ ਵੀ ਦਿੱਤੀ। ਬੋਰਡ ਆਫ ਗਵਰਨਰਜ਼ ਨੇ ਪ੍ਰੋਗਰਾਮ ਕਮੇਟੀ, ਵਿੱਤ ਕਮੇਟੀਆਂ ਅਤੇ ਐਨ.ਜ਼ੈੱਡ.ਸੀ.ਸੀ. ਦੇ ਕਾਰਜਕਾਰੀ ਬੋਰਡ ਦੁਆਰਾ ਕੀਤੀਆਂ ਸਿਫ਼ਾਰਸ਼ਾਂ ਨੂੰ ਵੀ ਪ੍ਰਵਾਨਗੀ ਦਿੱਤੀ ਜਿਸ ਵਿੱਚ ਪ੍ਰੋਗਰਾਮਾਂ/ਗਤੀਵਿਧੀਆਂ ਅਤੇ ਗੈਰ-ਪ੍ਰੋਗਰਾਮ ਪੱਖਾਂ ਲਈ ਸਾਲ 2022-23 ਦੌਰਾਨ ਖਰਚੇ ਵਜੋਂ 1232.71 ਲੱਖ ਰੁਪਏ ਦੀ ਪ੍ਰਵਾਨਗੀ; ਅਤੇ 2023-24 ਦੌਰਾਨ ਪ੍ਰੋਗਰਾਮਾਂ/ਗਤੀਵਿਧੀਆਂ ਦੇ ਆਯੋਜਨ ਅਤੇ ਗੈਰ-ਪ੍ਰੋਗਰਾਮ ਪੱਖਾਂ ਲਈ 1480.00 ਲੱਖ ਰੁਪਏ ਦੀ ਬਜਟ ਪ੍ਰਵਾਨਗੀ ਸ਼ਾਮਲ ਹੈ। ਮਾਣਯੋਗ ਰਾਜਪਾਲ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜ਼ੋਨਲ ਕਲਚਰਲ ਸੈਂਟਰਾਂ ਦੇ ਬੁਨਿਆਦੀ ਆਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਰੇ ਕਲਾ ਰੂਪਾਂ ਵੱਲ ਉਚਿਤ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਸੰਸਕ੍ਰਿਤੀ ਮੰਤਰਾਲੇ ਦੇ ਸੰਯੁਕਤ ਸਕੱਤਰ ਅਮਿਤਾ ਪ੍ਰਸਾਦ ਨੇ ਹਾਊਸ ਨੂੰ ਜਾਣੂ ਕਰਵਾਇਆ ਕਿ ਸਾਰੀਆਂ ਵਿਧਾਵਾਂ ਦੇ ਕਲਾਕਾਰਾਂ ਲਈ ਮਾਣ ਭੱਤੇ ਦੀਆਂ ਦਰਾਂ ਵਿੱਚ ਵਾਧਾ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਉਮੀਦ ਹੈ ਕਿ ਇਹ ਅਗਲੇ ਵਿੱਤੀ ਸਾਲ ਤੋਂ ਲਾਗੂ ਹੋ ਜਾਵੇਗਾ। ਹਾਊਸ ਨੇ ਸੱਭਿਆਚਾਰਕ ਮੰਤਰਾਲੇ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਸੁਝਾਅ ਦਿੱਤਾ ਕਿ ਹਰੇਕ ਜ਼ੈਡ.ਸੀ.ਸੀ. ਦੁਆਰਾ ਆਪਣੇ ਮੈਂਬਰ ਰਾਜਾਂ ਵਿੱਚੋਂ ਇੱਕ ਵਿੱਚ ਹਰ ਸਾਲ ਰੋਟੇਸ਼ਨ ਦੇ ਅਧਾਰ ’ਤੇ ਇੱਕ ਜ਼ੋਨਲ ਪੱਧਰੀ ਫੈਸਟੀਵਲ ਦਾ ਆਯੋਜਨ ਕੀਤਾ ਜਾਵੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗਾਇਤਰੀ ਰਾਠੌੜ ਆਈ.ਏ.ਐਸ ਪ੍ਰਮੁੱਖ ਸਕੱਤਰ ਕਲਾ ਅਤੇ ਸੱਭਿਆਚਾਰ ਰਾਜਸਥਾਨ, ਮਹਿਬੂਬ ਅਲੀ ਖਾਨ ਸਕੱਤਰ ਸੱਭਿਆਚਾਰ ਲੱਦਾਖ, ਹਰੀ ਆਈ.ਏ.ਐਸ ਸਕੱਤਰ ਕਲਾ ਅਤੇ ਸੱਭਿਆਚਾਰ ਚੰਡੀਗੜ੍ਹ ਅਤੇ ਨਾਮਜ਼ਦ ਮੈਂਬਰ ਹਾਜ਼ਰ ਸਨ।