ਨਗਰ ਨਿਗਮ ਨੇ ਗਾਇਕ ਕਰਨ ਔਜਲਾ ਦੇ ਸ਼ੋਅ ਪ੍ਰਬੰਧਕਾਂ ਨੂੰ ਇਸ਼ਤਿਹਾਰਬਾਜ਼ੀ ਨਿਯਮਾਂ ਦੀ ਉਲੰਘਣਾ ਕਰਨ ‘ਤੇ 1 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਕਰ ਸ਼ੋਅ ਦੇ ਪ੍ਰਬੰਧਕਾਂ ਨੇ ਇਹ ਰਕਮ ਨਿਰਧਾਰਤ ਸਮੇਂ ਵਿੱਚ ਜਮ੍ਹਾਂ ਨਹੀਂ ਕਰਵਾਈ ਤਾਂ ਜੁਰਮਾਨਾ ਅਤੇ ਵਿਆਜ ਲਗਾ ਕੇ ਇਹ ਰਕਮ ਵਸੂਲ ਕੀਤੀ ਜਾਵੇਗੀ।
ਇਹ ਕਾਰਵਾਈ ਇਨਫੋਰਸਮੈਂਟ ਵਿੰਗ ਦੀ ਰਿਪੋਰਟ ਅਤੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਦੀਆਂ ਹਦਾਇਤਾਂ ‘ਤੇ ਕੀਤੀ ਗਈ ਹੈ। ਇਨਫੋਰਸਮੈਂਟ ਵਿੰਗ ਨੇ ਦੱਸਿਆ ਸੀ ਕਿ 7 ਦਸੰਬਰ ਨੂੰ ਸੈਕਟਰ-34 ਐਗਜ਼ੀਬਿਸ਼ਨ ਗਰਾਊਂਡ ਵਿਖੇ ਕਰਨ ਔਜਲਾ ਦੇ ਲਾਈਵ ਸ਼ੋਅ ਦੌਰਾਨ ਕਈ ਤਰ੍ਹਾਂ ਦੇ ਇਸ਼ਤਿਹਾਰੀ ਹੋਰਡਿੰਗ ਲਾਏ ਗਏ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਤੋਂ ਇਸ ਦੀ ਮਨਜ਼ੂਰੀ ਨਹੀਂ ਲਈ ਗਈ ਸੀ। ਇਸ ਤੋਂ ਬਾਅਦ ਇਹ ਨੋਟਿਸ ਭੇਜਿਆ ਗਿਆ ਹੈ। ਚੰਡੀਗੜ੍ਹ ਵਿੱਚ ਇਸ਼ਤਿਹਾਰ ਕੰਟਰੋਲ ਆਰਡਰ-1954 ਲਾਗੂ ਹੋਣ ਕਾਰਨ ਬਿਨਾਂ ਪ੍ਰਵਾਨਗੀ ਤੋਂ ਕਿਸੇ ਕਿਸਮ ਦਾ ਕੋਈ ਵੀ ਇਸ਼ਤਿਹਾਰ ਨਹੀਂ ਲਗਾਇਆ ਜਾ ਸਕਦਾ। ਨਗਰ ਨਿਗਮ ਨੇ ਸਖਤ ਕਾਰਵਾਈ ਕੀਤੀ ਹੈ ਅਤੇ ਗਾਇਕ ਨੂੰ ਜੁਰਮਾਨਾ ਲਗਾ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਕਰਨ ਔਜਲਾ ਦਾ ‘ਇਟ ਵਾਜ਼ ਆਲ ਏ ਡ੍ਰੀਮ ਟੂਰ’ 7 ਦਸੰਬਰ 2024 ਨੂੰ ਚੰਡੀਗੜ੍ਹ ਤੋਂ ਸ਼ੁਰੂ ਹੋਇਆ ਸੀ। ਇਹ ਟੂਰ 21 ਦਸੰਬਰ ਤੱਕ ਚੱਲੇਗਾ ਅਤੇ ਕਰਨ ਔਜਲਾ ਕਈ ਵੱਡੇ ਸ਼ਹਿਰਾਂ ਵਿੱਚ ਕੰਸਰਟ ਕਰਨਗੇ।