ਮਈ ਦਾ ਮਹੀਨਾ ਭਿਆਨਕ ਗਰਮੀ ਨਾਲ ਸ਼ੁਰੂ ਹੁੰਦਾ ਹੈ, ਉੱਥੇ ਹੀ ਪੰਜਾਬ ਦੇ ਲੋਕ ਸੁਹਾਵਣੇ ਮੌਸਮ ਦਾ ਆਨੰਦ ਮਾਣ ਰਹੇ ਹਨ। ਹਰਿਆਣਾ ਅਤੇ ਪੰਜਾਬ ਵਿੱਚ ਹਾਲ ਹੀ ਵਿੱਚ ਹੋਈ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਦਿੱਤੀ ਹੈ। ਲਗਾਤਾਰ ਵੱਧ ਰਹੀ ਗਰਮੀ ਤੋਂ ਪਰੇਸ਼ਾਨ ਲੋਕ ਹੁਣ ਮੀਂਹ ਤੋਂ ਬਾਅਦ ਠੰਢਕ ਮਹਿਸੂਸ ਕਰ ਰਹੇ ਹਨ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ 6 ਮਈ ਤੱਕ ਪੰਜਾਬ ਅਤੇ ਹਰਿਆਣਾ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।
ਪੰਜਾਬ ਵਿੱਚ ਤਾਪਮਾਨ 2.1 ਡਿਗਰੀ ਸੈਲਸੀਅਸ ਵਧਿਆ, ਪਰ ਫਿਰ ਵੀ ਇਹ ਆਮ ਨਾਲੋਂ 3.1 ਡਿਗਰੀ ਸੈਲਸੀਅਸ ਘੱਟ ਰਿਹਾ। ਅੱਜ ਵੀ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਤੂਫ਼ਾਨ, ਤੇਜ਼ ਹਵਾਵਾਂ ਅਤੇ ਮੀਂਹ ਸਬੰਧੀ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤੇ ਗਏ ਹਨ। ਅਗਲੇ 6 ਦਿਨਾਂ ਤੱਕ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਉਮੀਦ ਹੈ। ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 39.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਜ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ 33 ਤੋਂ 36 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ।
ਅੱਜ ਯਾਨੀ 4 ਮਈ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਮੋਹਾਲੀ, ਪਟਿਆਲਾ, ਮਾਨਸਾ, ਫਾਜ਼ਿਲਕਾ, ਮੁਕਤਸਰ ਅਤੇ ਬਠਿੰਡਾ ਜ਼ਿਲਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।