ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਅੱਜ ਚੋਣ ਹੋਈ। ਪ੍ਰਧਾਨ ਦੇ ਅਹੁਦੇ ‘ਤੇ ਹਰਜਿੰਦਰ ਸਿੰਘ ਧਾਮੀ ਜੇਤੂ ਰਹੇ ਹਨ। ਧਾਮੀ ਨੂੰ 141 ਵਿੱਚੋਂ 107 ਵੋਟਾਂ ਮਿਲੀਆਂ। ਧਾਮੀ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣੇ ਗਏ ਹਨ। ਪ੍ਰਧਾਨ ਦੇ ਅਹੁਦੇ ਲਈ ਦੂਜੀ ਉਮੀਦਵਾਰ ਜਗੀਰ ਕੌਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਅਕਾਲੀ ਦਲ ਦੇ ਬਾਗੀ ਧੜੇ ਸੁਧਾਰ ਲਹਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਸਿਰਫ਼ 33 ਵੋਟਾਂ ਮਿਲੀਆਂ। ਦੋ ਵੋਟਾਂ ਰੱਦ ਹੋ ਗਈਆਂ ਹਨ। ਰਘੂਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਅਤੇ ਸ਼ੇਰ ਸਿੰਘ ਮੰਡ ਜਨਰਲ ਸਕੱਤਰ ਬਣੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦਾ ਸ਼੍ਰੋਮਣੀ ਕਮੇਟੀ ਚੋਣਾਂ ਜਿੱਤਣਾ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਹੈ। ਇਸ ਜਿੱਤ ਨਾਲ ਅਕਾਲੀ ਦਲ ਨੂੰ ਸੂਬੇ ਵਿੱਚ ਆਪਣਾ ਸਿਆਸੀ ਆਧਾਰ ਬਰਕਰਾਰ ਰੱਖਣ ਵਿੱਚ ਵੱਡੀ ਮਦਦ ਮਿਲੇਗੀ।