ਦੁਨੀਆ ਦੇ ਸਭ ਤੋਂ ਬਜ਼ੁਰਗ ਐਥਲੀਟ ਅਤੇ ਟਰਬਨ ਟੋਰਨਾਡੋ ਵਜੋਂ ਮਸ਼ਹੂਰ ਫੌਜਾ ਸਿੰਘ ਦਾ ਸੋਮਵਾਰ ਰਾਤ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ। 114 ਸਾਲ ਦੀ ਉਮਰ ਵਿੱਚ ਉਹ ਦੁਨੀਆਂ ਨੂੰ ਅਲਵਿਦਾ ਅੱਖ ਗਏ। ਜਲੰਧਰ ਵਿੱਚ ਸੈਰ ਕਰਦੇ ਸਮੇਂ ਉਨ੍ਹਾਂ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਉਨ੍ਹਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਰਾਤ ਨੂੰ ਆਖਰੀ ਸਾਹ ਲਿਆ।
ਫੌਜਾ ਸਿੰਘ ਨੇ 80 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ। ਉਹ 2012 ਲੰਡਨ ਓਲੰਪਿਕ ਵਿੱਚ ਇੱਕ ਮਸ਼ਾਲਧਾਰੀ ਵੀ ਸਨ। ਉਨ੍ਹਾਂ ਦੇ ਦਿਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਦੇ ਗਵਰਨਰ ਗੁਰਬ ਚੰਦ ਕਟਾਰੀਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਣੇ ਕਈ ਆਗੂਆਂ ਨੇ ਦੁੱਖ ਜਤਾਇਆ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਐਕਸ ਅਕਾਊਂਟ ‘ਤੇ ਲਿਖਿਆ- ‘ਫੌਜਾ ਸਿੰਘ ਜੀ ਇੱਕ ਅਸਾਧਾਰਨ ਸ਼ਖਸੀਅਤ ਸਨ, ਜਿਨ੍ਹਾਂ ਨੇ ਆਪਣੀ ਵਿਲੱਖਣ ਸ਼ੈਲੀ ਅਤੇ ਜੀਵਨ ਸ਼ੈਲੀ ਨਾਲ ਭਾਰਤ ਦੇ ਨੌਜਵਾਨਾਂ ਨੂੰ ਤੰਦਰੁਸਤੀ ਵਰਗੇ ਬਹੁਤ ਮਹੱਤਵਪੂਰਨ ਵਿਸ਼ੇ ‘ਤੇ ਪ੍ਰੇਰਿਤ ਕਰਨ ਲਈ ਇੱਕ ਮਿਸਾਲ ਕਾਇਮ ਕੀਤੀ। ਉਹ ਸ਼ਾਨਦਾਰ ਦ੍ਰਿੜ ਇਰਾਦੇ ਵਾਲੇ ਇੱਕ ਮਹਾਨ ਖਿਡਾਰੀ ਸਨ।’
CM ਭਗਵੰਤ ਮਾਨ ਨੇ ਦੌੜਾਕ ਫੌਜਾ ਸਿੰਘ ਦੀ ਮੌ/ਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲਿਖਿਆ- ਉੱਘੇ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ ਹੋਇਆ। ਆਪਣੀਆਂ ਲੰਬੀਆਂ ਦੌੜਾਂ ਦੀ ਬਦੌਲਤ ਪੂਰੀ ਦੁਨੀਆ ਵਿੱਚ ਸਿੱਖ ਕੌਮ ਦਾ ਨਾਮ ਰੌਸ਼ਨ ਕਰਨ ਵਾਲੇ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਦੌੜਾਕ ਫੌਜਾ ਸਿੰਘ ਜੀ ਹਮੇਸ਼ਾ ਸਾਡੇ ਦਿਲਾਂ ਅਤੇ ਚੇਤਿਆਂ ‘ਚ ਜਿਉਂਦੇ ਰਹਿਣਗੇ। ਪਰਿਵਾਰ ਤੇ ਚਾਹੁੰਣ ਵਾਲਿਆਂ ਨਾਲ ਦਿਲੋਂ ਹਮਦਰਦੀ। ਪਰਮਾਤਮਾ ਉਹਨਾਂ ਦੀ ਰੂਹ ਨੂੰ ਚਰਨਾਂ ‘ਚ ਥਾਂ ਬਖ਼ਸ਼ਣ। ਵਾਹਿਗੁਰੂ ਵਾਹਿਗੁਰੂ
ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆਂ ਨੇ ਦੌੜਾਕ ਫੌਜਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ- “ਫੌਜਾ ਸਿੰਘ ਮਹਾਨ ਮੈਰਾਥਨ ਦੌੜਾਕ ਦ੍ਰਿੜ ਸੰਕਲਪ ਤੇ ਉਮੀਦ ਦੇ ਸਥਾਈ ਪ੍ਰਤੀਕ ਸਨ। 114 ਸਾਲ ਦੀ ਉਮਰ ‘ਚ ਵੀ ਉਹ ਆਪਣੀ ਤਾਕਤ ਤੇ ਵਚਨਬੱਧਤਾ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹੇ। ਉਨ੍ਹਾਂ ਦੀ ਵਿਰਾਸਤ ਹਮੇਸ਼ਾ ਦਿਲਾਂ ‘ਚ ਜਿੰਦਾ ਰਹੇਗੀ।”
ਸੁਖਬੀਰ ਬਾਦਲ ਨੇ ਵੀ ਦੌੜਾਕ ਫੌਜਾ ਸਿੰਘ ਦੀ ਮੌ/ਤ ‘ਤੇ ਦੁੱਖ ਜਤਾਇਆ। ਉਨ੍ਹਾਂ ਕਿਹਾ ਕਿ- ਪੰਜਾਬ ਅਤੇ ਦੁਨੀਆ ਨੇ ਇੱਕ ਮਹਾਨ ਖਿਡਾਰੀ ਨੂੰ ਗੁਆ ਦਿੱਤਾ ਹੈ, ਜਿੰਨ੍ਹਾਂ ਦੀ 114 ਸਾਲ ਦੀ ਉਮਰ ਵਿੱਚ ਜਲੰਧਰ ਦੇ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮੈਂ ਦੁਨੀਆ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ। ਸ. ਫੌਜਾ ਸਿੰਘ ਜੀ ਨੇ ਆਪਣੀ ਅਦੁੱਤੀ ਭਾਵਨਾ ਨਾਲ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਉਹ ਆਪਣੀ ਮੌਤ ਤੋਂ ਬਾਅਦ ਵੀ ਅਜਿਹਾ ਕਰਦੇ ਰਹਿਣਗੇ। ਉਨ੍ਹਾਂ ਦੇ ਜੀਵਨ ਨੇ ਸਾਨੂੰ ਇੱਕ ਮਹੱਤਵਪੂਰਨ ਸਬਕ ਸਿਖਾਇਆ – ਕਿ ਜਿੰਦਗੀ ਵਿੱਚ ਕੁਝ ਵੀ ਅਸੰਭਵ ਨਹੀਂ ਹੈ। ਸਾਨੂੰ ਸਿਰਫ਼ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿਣ ਦੀ ਲੋੜ ਹੈ। ਗੁਰੂ ਸਾਹਿਬ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।