ਹਰਿਆਣਾ ਅਤੇ ਪੰਜਾਬ ਦੇ ਦੋ ਹਾਕੀ ਓਲੰਪੀਅਨ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਮਹਿਲਾ ਹਾਕੀ ਟੀਮ ਦੀ ਡਿਫੈਂਡਰ ਉਦਿਤਾ ਦੁਹਾਨ, ਜੋ ਕਿ ਹਿਸਾਰ ਦੀ ਰਹਿਣ ਵਾਲੀ ਹੈ, ਅਤੇ ਹਾਕੀ ਟੀਮ ਦੇ ਸਟ੍ਰਾਈਕਰ ਮਨਦੀਪ ਸਿੰਘ, ਜੋ ਕਿ ਜਲੰਧਰ ਤੋਂ ਹਨ ਉਨ੍ਹਾਂ ਨੇ ਅੱਜ ਸ਼ੁੱਕਰਵਾਰ ਸਵੇਰੇ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰੂਦੁਆਰਾ ਸਾਹਿਬ ਵਿਖੇ ‘ਲਾਵਾਂ’ ਲਈਆਂ।
ਇਸ ਦੌਰਾਨ ਦੋਵਾਂ ਦੇ ਪਰਿਵਾਰ ਅਤੇ ਭਾਰਤੀ ਹਾਕੀ ਟੀਮ ਦੇ ਕਈ ਖਿਡਾਰੀ ਮੌਜੂਦ ਸਨ। ਦੋਵਾਂ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਇਆ। ਇੱਕ ਦਿਨ ਪਹਿਲਾਂ ਮਨਦੀਪ ਸਿੰਘ ਦੇ ਘਰ ਵਿਆਹ ਤੋਂ ਪਹਿਲਾਂ ਦਾ ਸਮਾਗਮ ਹੋਇਆ ਸੀ। ਦੋਵਾਂ ਨੇ ਹਰਿਆਣਵੀ ਪਹਿਰਾਵੇ ਅਤੇ ਹਾਕੀ ਪਹਿਰਾਵੇ ਵਿੱਚ ਆਪਣੀਆਂ ਫੋਟੋਆਂ ਖਿੱਚਵਾਈਆਂ।
ਮਨਦੀਪ ਸਿੰਘ ਨੂੰ ਹਾਕੀ ਟੀਮ ਦੀ ਗੋਲ ਮਸ਼ੀਨ ਕਿਹਾ ਜਾਂਦਾ ਹੈ, ਉਹ ਇਸ ਸਮੇਂ ਪੰਜਾਬ ਪੁਲਿਸ ਵਿੱਚ ਡੀਐਸਪੀ ਦੇ ਅਹੁਦੇ ‘ਤੇ ਤਾਇਨਾਤ ਹੈ। ਜਦੋਂ ਕਿ ਉਦਿਤਾ ਮਹਿਲਾ ਹਾਕੀ ਲੀਗ ਦੀ ਸਭ ਤੋਂ ਮਹਿੰਗੀ ਖਿਡਾਰਨ ਰਹੀ ਹੈ। ਇਸ ਤੋਂ ਇਲਾਵਾ ਉਹ ਮਾਡਲਿੰਗ ਵੀ ਕਰਦੀ ਹੈ।