ਗੁਰਦੁਆਰਾ ਛੇਹਰਟਾ ਸਾਹਿਬ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਥਿਤ ਹੈ। ਇਹ ਸਥਾਨ ਦੋ ਸਿੱਖ ਗੁਰੂਆਂ ਦੀ ਚਰਨ ਛੂਹ ਪ੍ਰਾਪਤ ਹੈ। ਇਸ ਜਗ੍ਹਾ ਉੱਪਰ ਬਾਬਾ ਬੁੱਢਾ ਜੀ ਆਇਆ ਕਰਦੇ ਸਨ। ਇਸ ਅਸਥਾਨ ‘ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੁ ਅਰਜਨ ਦੇਵ ਜੀ ਨੇ ਛੇ ਹਰਟਾਂ ਵਾਲਾ ਖੂਹ ਲਗਵਾਇਆ ਸੀ। ਜਿਸ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦਾ ਨਾਮ ਛੇਹਰਟਾ ਸਾਹਿਬ ਪੈ ਗਿਆ। ਕਿਹਾ ਜਾਂਦਾ ਹੈ ਕਿ ਇਸ ਖੂਹ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦੀ ਖੁਸ਼ੀ ‘ਚ ਲਗਵਾਇਆ ਸੀ। ਲੋਕਾਂ ਦੀ ਪਾਣੀ ਦੀ ਜ਼ਰੂਰਤ ਨੂੰ ਵੇਖਦਿਆਂ ਹੋਇਆਂ ਅਤੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦੇ ਜਨਮ ਦੀ ਖੁਸ਼ੀ ‘ਚ ਲਗਵਾਏ ਇਸ ਖੂਹ ‘ਚ ਛੇ ਹਲਟ ਲਗਾਏ ਗਏ ਸਨ ।
ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਗੁਰੂ ਸਾਹਿਬ ਨੇ ਬਚਨ ਕੀਤੇ ਸਨ ਕਿ ਜੋ ਵੀ ਬੀਬੀ ਭੈਣ ਇਸ ਖੂਹ ਦੇ ਜਲ ਨਾਲ ਬਾਰਾਂ ਪੰਚਮੀਆਂ ਇਸ਼ਨਾਨ ਕਰੇਗੀ ਉਸ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ ਅਤੇ ਰੋਗੀਆਂ ਦੇ ਰੋਗ ਦੂਰ ਹੋਣਗੇ। ਬਸੰਤ ਪੰਚਮੀ ਦੇ ਮੌਕੇ ‘ਤੇ ਇਸ ਅਸਥਾਨ ‘ਤੇ ਵੱਡੀ ਗਿਣਤੀ ‘ਚ ਲੋਕ ਪਹੁੰਚ ਕੇ ਇਸ ਅਸਥਾਨ ਦੇ ਦਰਸ਼ਨ ਕਰਦੇ ਹਨ।
ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਘਰ ਕੋਈ ਔਲਾਦ ਨਹੀਂ ਹੋਈ ਤਾਂ ਮਾਤਾ ਗੰਗਾ ਜੀ ਨੇ ਗੁਰੁ ਸਾਹਿਬ ਨੂੰ ਕਿਹਾ ਕਿ ਤੁਸੀਂ ਤਾਂ ਸਭ ਜਾਣਦੇ ਹੋ। ਤਾਂ ਗੁਰੂ ਅਰਜਨ ਦੇਵ ਜੀ ਨੇ ਮਾਤਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਆਸ਼ੀਰਵਾਦ ਲੈਣ ਲਈ ਕਿਹਾ। ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਲਈ ਵਧੀਆ ਭੋਜਨ ਤਿਆਰ ਕਰਕੇ ਲੈ ਗਏ। ਪਰ ਜਦੋਂ ਬਾਬਾ ਜੀ ਨੇ ਰੱਥ ‘ਚ ਸਵਾਰ ਮਾਤਾ ਜੀ ਨੂੰ ਆਉਂਦਿਆਂ ਵੇਖਿਆ ਤਾਂ ਉਨ੍ਹਾਂ ਨੇ ਸਹਿਜ ਸੁਭਾਅ ਹੀ ਕਹਿ ਦਿੱਤਾ ਕਿ ਅੱਜ ਗੁਰੂ ਘਰ ਨੂੰ ਕਿੱਧਰ ਦੀਆਂ ਭਾਜੜਾ ਪਈਆਂ ਨੇ। ਮਾਤਾ ਜੀ ਨੇ ਇਹ ਗੱਲ ਸੁਣ ਲਈ। ਅਤੇ ਉਹ ਬਿਨਾਂ ਆਸ਼ੀਰਵਾਦ ਲਏ ਹੀ ਵਾਪਸ ਪਰਤ ਆਏ ਤੇ ਸਾਰਾ ਬ੍ਰਿਤਾਂਤ ਗੁਰੁ ਸਾਹਿਬ ਨੂੰ ਸੁਣਾਇਆ। ਗੁਰੂ ਅਰਜਨ ਦੇਵ ਜੀ ਨੇ ਮਾਤਾ ਜੀ ਨੂੰ ਸਮਝਾਇਆ ਕਿ ਤੁਸੀਂ ਬਾਬਾ ਜੀ ਕੋਲ ਆਸ਼ੀਰਵਾਦ ਲੈਣਾ ਹੈ ਤਾਂ ਨਿਮਾਣੇ ਬਣ ਕੇ ਜਾਉ ਅਤੇ ਸਾਦੇ ਪਕਵਾਨ ਲੈ ਕੇ ਉਨ੍ਹਾਂ ਦੀ ਸੇਵਾ ‘ਚ ਹਾਜ਼ਰ ਹੋਵੋ। ਜਿਸ ਤੋਂ ਬਾਅਦ ਮਾਤਾ ਜੀ ਦੁਪਹਿਰ ਵੇਲੇ ਮਿੱਸੀ ਰੋਟੀ ਅਤੇ ਲੱਸੀ ਦਾ ਬਰਤਨ ਅਤੇ ਪਿਆਜ਼ ਲੈ ਕੇ ਨੰਗੇ ਪੈਰੀਂ ਬਾਬਾ ਜੀ ਦੀ ਸੇਵਾ ‘ਚ ਪਹੁੰਚ ਗਏ ।
ਬਾਬਾ ਜੀ ਨੂੰ ਵੀ ਬਹੁਤ ਭੁੱਖ ਲੱਗੀ ਸੀ ,ਰੋਟੀ ਖਾ ਕੇ ਉਨ੍ਹਾਂ ਦਾ ਮਨ ਬਹੁਤ ਤ੍ਰਿਪਤ ਹੋਇਆ। ਜਿਉਂ ਹੀ ਉਨ੍ਹਾਂ ਰੋਟੀ ਨਾਲ ਖਾਣ ਲਈ ਗੰਢਾ ਭੰਨਿਆ ਤਾਂ ਉਨ੍ਹਾਂ ਮਾਤਾ ਜੀ ਨੂੰ ਅਸ਼ੀਰਵਾਦ ਦਿੱਤਾ ਕਿ ‘ਤੇਰੇ ਘਰ ਅਜਿਹੇ ਹੀ ਸੂਰਮੇ ਅਤੇ ਬਲਸ਼ਾਲੀ ਮਹਾਂਪੁਰਸ਼ ਦਾ ਜਨਮ ਹੋਵੇਗਾ ਜੋ ਇਸ ਗੰਢੇ ਵਾਂਗ ਜ਼ਾਲਮਾਂ ਦੇ ਸਿਰ ਭੰਨੇਗਾ’। ਮਾਤਾ ਜੀ ਇਹ ਅਸ਼ੀਰਵਾਦ ਲੈ ਕੇ ਘਰ ਆ ਗਏ।
ਜਿਸ ਤੋਂ ਬਾਅਦ ਮਾਤਾ ਜੀ ਘਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। ਇਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਛੇ ਹਰਟਾਂ ਵਾਲਾ ਬਣਵਾਇਆ। ਇਸ ਗੁਰਦੁਆਰਾ ਸਾਹਿਬ ਵਿਚ ਹਰ ਸਾਲ ਬਸੰਤ ਪੰਚਮੀ ਮੌਕੇ ਭਾਰੀ ਮੇਲਾ ਲੱਗਦਾ ਹੈ। ਅਤੇ ਵੱਡੀ ਗਿਣਤੀ ਵਿੱਚ ਸੰਗਤ ਦਰਸ਼ਨਾਂ ਲਈ ਆਉਂਦੀ ਹੈ।