ਬਰਨਾਲਾ ਦੇ ਕਸਬਾ ਹੰਡਿਆਇਆ ਨੇੜੇ ਇਤਿਹਾਸਕ ਗੁਰਦੁਆਰਾ ਅੜੀਸਰ ਸਾਹਿਬ ਵਸਿਆ ਹੋਇਆ ਹੈ। ਇਹ ਗੁਰਦੁਆਰਾ ਬਰਨਾਲਾ-ਬਠਿੰਡਾ ਸੜਕ ਤੇ ਬਰਨਾਲਾ ਤੋਂ ਕੋਈ 8 ਕਿਲੋਮੀਟਰ ਦੂਰ ਹੈ। ਗੁਰਦੁਆਰਾ ਅੜੀਸਰ ਸਾਹਿਬ ਵਿਖੇ ਵਿਸ਼ਵ ਭਰ ਤੋਂ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਪਹੁੰਚਦੀਆਂ ਹਨ। ਮੰਨਿਆ ਜਾਂਦਾ ਹੈ ਕਿ ਇਸ ਗੁਰੂ ਘਰ ਤੋਂ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਇਸ ਗੁਰੂਘਰ ਦਾ ਇਤਿਹਾਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਨਾਲ ਸਬੰਧਤ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ 1722 ਵਿਚ ਮਾਲਵਾ ਖੇਤਰ ਦੀ ਫੇਰੀ ਦੌਰਾਨ ਪਿੰਡ ਹੰਡਿਆਇਆ ਵਿਚ ਇਸ ਸਥਾਨ ‘ਤੇ ਆਏ ਸਨ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਕੱਚੇ ਰਸਤੇ ਤੋਂ ਪੈਦਲ ਚੱਲ ਕੇ ਇਸ ਅਸਥਾਨ ‘ਤੇ ਪਹੁੰਚੇ ਤਾਂ ਉਨ੍ਹਾਂ ਦਾ ਘੋੜਾ ਅੜੀ ਪੈ ਗਿਆ। ਘੋੜਾ ਇਸ ਸਥਾਨ ‘ਤੇ ਪਹੁੰਚਦਿਆਂ ਹੀ ਰੁਕ ਗਿਆ। ਇਸ ਸਥਾਨ ‘ਤੇ ਮੁਗਲਾਂ ਦੇ ਰਾਜ ਸਮੇਂ ਉਨ੍ਹਾਂ ਦੇ ਖੇਤਾਂ ਵਿੱਚ ਤੰਬਾਕੂ ਬੀਜਿਆ ਜਾਂਦਾ ਸੀ। ਇਸ ਮੌਕੇ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਉਨ੍ਹਾਂ ਦਾ ਘੋੜਾ ਤੰਬਾਕੂ ਦੇ ਖੇਤ ਵਿੱਚ ਅੱਗੇ ਨਹੀਂ ਜਾਵੇਗਾ। ਗੁਰੂ ਸਾਹਿਬ ਨੇ ਕਿਹਾ ਸੀ ਕਿ ਜਦੋਂ ਕੋਈ ਇਸ ਅਸਥਾਨ ‘ਤੇ ਆਵੇਗਾ ਤਾਂ ਉਸ ਦਾ ਰੁਕਿਆ ਹੋਇਆ ਕੰਮ ਸਫਲ ਹੋਵੇਗਾ।
ਇਸ ਅਸਥਾਨ ‘ਤੇ ਵੱਖ-ਵੱਖ ਦੇਸ਼ਾਂ ਤੋਂ ਸ਼ਰਧਾਲੂ ਪਹੁੰਚ ਕੇ ਅਰਦਾਸ ਬੇਨਤੀ ਕਰਦੇ ਹਨ। ਜਿਸ ਨਾਲ ਉਨ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਅਤੇ ਰੁਕੇ ਹੋਏ ਕੰਮ ਬਣ ਜਾਂਦੇ ਹਨ। ਇਸ ਤੋਂ ਇਲਾਵਾ ਲੋਕ ਇਸ ਅਸਥਾਨ ‘ਤੇ ਗੁਰੂ ਸਾਹਿਬ ਅੱਗੇ ਪੁੱਤਰਾਂ ਦੀ ਪ੍ਰਾਪਤੀ, ਰੋਗਾਂ ਤੋਂ ਮੁਕਤੀ ਅਤੇ ਹੋਰ ਦੁੱਖਾਂ ਲਈ ਅਰਦਾਸ ਕਰਦੇ ਹਨ। ਇੱਥੇ ਵਿਦੇਸ਼ ਜਾਣ ਲਈ ਜਹਾਜ਼ ਵੀ ਚੜਾਏ ਜਾਂਦੇ ਹਨ।