ਪੰਜਾਬ ਦੀ ਰਾਜਨੀਤੀ ਦੀ ਸੀਨੀਅਰ ਹਸਤੀ ਅਤੇ ਸ਼੍ਰੋਮਣੀ ਅਕਾਲੀ ਦਲ (ਸੁਧਾਰ) ਦੇ ਨੇਤਾ ਸੁੱਚਾ ਸਿੰਘ ਛੋਟੇਪੁਰ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ, ਜਿਸ ਨਾਲ ਉਨ੍ਹਾਂ ਨੂੰ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ। ਛੋਟੇਪੁਰ ਆਪਣੀ ਪੋਤੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਲਾਸ ਏਂਜਲਸ ਜਾ ਰਹੇ ਸੀ।
ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ ਹੈ। ਜਦੋਂ ਛੋਟੇਪੁਰ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇ। ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਪਾਸਪੋਰਟ ਦੀ ਦੁਰਵਰਤੋਂ ਬਾਰੇ ਜਾਣਕਾਰੀ ਸੀ, ਜਿਸ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ। ਹਾਲਾਂਕਿ, ਛੋਟੇਪੁਰ ਨੇ ਇਸ ‘ਤੇ ਹੈਰਾਨੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਸਹੀ ਹਨ ਅਤੇ ਉਨ੍ਹਾਂ ਵਿਰੁੱਧ ਕੋਈ ਅਪਰਾਧਿਕ ਜਾਂ ਸਿਵਲ ਕੇਸ ਲੰਬਿਤ ਨਹੀਂ ਹੈ। ਛੋਟੇਪੁਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ, “ਮੈਂ ਆਪਣੀ ਪੋਤੀ ਦੇ ਵਿਆਹ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ, ਮੇਰੇ ਕੋਲ ਸਾਰੇ ਦਸਤਾਵੇਜ਼ ਸਨ। ਮੈਨੂੰ ਅਜੇ ਵੀ ਸਮਝ ਨਹੀਂ ਆ ਰਿਹਾ ਕਿ ਮੈਨੂੰ ਕਿਉਂ ਰੋਕਿਆ ਗਿਆ। ਅਧਿਕਾਰੀਆਂ ਨੇ ਮੇਰੀ ਇੱਕ ਵੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ।”
ਇਸ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਕੀ ਇਹ ਕੋਈ ਤਕਨੀਕੀ ਗਲਤੀ ਸੀ ਜਾਂ ਕਿਸੇ ਸਾਜ਼ਿਸ਼ ਦਾ ਹਿੱਸਾ? ਇਸ ਵੇਲੇ ਛੋਟੇਪੁਰ ਦੇ ਸਮਰਥਕ ਅਤੇ ਰਾਜਨੀਤਿਕ ਹਲਕੇ ਇਸ ਕਾਰਵਾਈ ‘ਤੇ ਗੁੱਸਾ ਪ੍ਰਗਟ ਕਰ ਰਹੇ ਹਨ। ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਜੇਕਰ ਇਹ ਗਲਤੀ ਹੈ, ਤਾਂ ਇਸਨੂੰ ਤੁਰੰਤ ਸੁਧਾਰਿਆ ਜਾਵੇ।