ਦੱਖਣੀ ਇਥੋਪੀਆ ਵਿੱਚ ਇੱਕ ਸੜਕ ਹਾਦਸੇ ਵਿੱਚ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਸਥਾਨਕ ਸਿਹਤ ਅਥਾਰਟੀ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਹਾਦਸਾ ਰਾਜਧਾਨੀ ਅਦੀਸ ਅਬਾਬਾ ਤੋਂ ਕਰੀਬ 300 ਕਿਲੋਮੀਟਰ ਦੂਰ ਸਿਦਾਮਾ ਰਾਜ ਵਿੱਚ ਵਾਪਰਿਆ। ਸਿਡਾਮਾ ਖੇਤਰੀ ਸਿਹਤ ਬਿਊਰੋ ਨੇ ਫੇਸਬੁੱਕ ‘ਤੇ ਘਟਨਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਹ ਇੱਕ ਕਾਰ ਹਾਦਸਾ ਸੀ ਜਿਸ ਵਿੱਚ 66 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਇਸ ਹਾਦਸੇ ਤੋਂ ਬਾਅਦ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ।
ਬਿਊਰੋ ਦੇ ਅਨੁਸਾਰ, ਇਹ ਘਟਨਾ ਬੋਨਾ ਜ਼ੂਰੀਆ ਵੋਰੇਡਾ ਵਿੱਚ ਗੇਲਾਨਾ ਪੁਲ ਦੇ ਪੂਰਬੀ ਪਾਸੇ ਦੀ ਹੈ। ਨਾਲ ਹੀ ਦੱਸਿਆ ਕਿ ਚਾਰ ਜ਼ਖਮੀ ਯਾਤਰੀ ਬੋਨਾ ਜਨਰਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਹਾਦਸੇ ਵਾਲੀ ਥਾਂ ‘ਤੇ ਲੋਕਾਂ ਦੀ ਭੀੜ ਵੇਖੀ ਗਈ
ਸਿਹਤ ਬਿਊਰੋ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਫੋਟੋਆਂ ਵਿੱਚ ਇੱਕ ਵਾਹਨ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਲੋਕ ਦਿਖਾਈ ਦੇ ਰਹੇ ਹਨ, ਜੋ ਕਿ ਪਾਣੀ ਵਿੱਚ ਅੰਸ਼ਕ ਤੌਰ ‘ਤੇ ਡੁੱਬਿਆ ਹੋਇਆ ਹੈ ਅਤੇ ਕਈ ਲੋਕ ਇਸ ਨੂੰ ਪਾਣੀ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।
ਲਾਸ਼ਾਂ ਤਰਪਾਲ ਨਾਲ ਢੱਕੀਆਂ ਹੋਈਆਂ ਸਨ ਅਤੇ ਜ਼ਮੀਨ ‘ਤੇ ਪਈਆਂ ਸਨ।
ਬਿਊਰੋ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹੋਰ ਤਸਵੀਰਾਂ ‘ਚ ਨੀਲੀ ਤਰਪਾਲ ਨਾਲ ਢੱਕੀਆਂ ਕੁਝ ਲਾਸ਼ਾਂ ਜ਼ਮੀਨ ‘ਤੇ ਪਈਆਂ ਦਿਖਾਈ ਦੇ ਰਹੀਆਂ ਹਨ। ਬਿਊਰੋ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਇਸ ਹਾਦਸੇ ਸਬੰਧੀ ਇਹ ਵੀ ਕਿਹਾ ਕਿ ਉਹ ਇਸ ਸਬੰਧੀ ਹੋਰ ਜਾਣਕਾਰੀ ਬਾਅਦ ਵਿੱਚ ਸਾਂਝੀ ਕਰਨਗੇ।