ਦਿੱਗਜ ਭਾਰਤੀ ਕ੍ਰਿਕਟਰ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਬ੍ਰਿਸਬੇਨ ਟੈਸਟ ਡਰਾਅ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਇਹ ਜਾਣਕਾਰੀ ਦਿੱਤੀ। ਅਸ਼ਵਿਨ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਭਾਵੁਕ ਸਮਾਂ ਹੈ।
ਐਡੀਲੇਡ ਤੋਂ ਬਾਅਦ ਉਹ ਗਾਬਾ ਟੈਸਟ ਤੋਂ ਬਾਹਰ ਹੋ ਗਏ ਸੀ। ਗਾਬਾ ਟੈਸਟ ਦੌਰਾਨ ਅਸ਼ਵਿਨ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਜੱਫੀ ਪਾਉਂਦੇ ਨਜ਼ਰ ਆਏ। ਉਨ੍ਹਾਂ ਨੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਗਲੇ ਲਗਾਇਆ। ਅਸ਼ਵਿਨ ਨੇ ਮੁੱਖ ਕੋਚ ਗੰਭੀਰ ਨਾਲ ਵੀ ਕਾਫੀ ਦੇਰ ਤੱਕ ਗੱਲਬਾਤ ਕੀਤੀ ਅਤੇ ਫਿਰ ਪ੍ਰੈੱਸ ਕਾਨਫਰੰਸ ‘ਚ ਆ ਕੇ ਸੰਨਿਆਸ ਦਾ ਐਲਾਨ ਕਰ ਦਿੱਤਾ।
ਅਸ਼ਵਿਨ ਨੂੰ ਆਸਟ੍ਰੇਲੀਆ ਦੌਰੇ ‘ਤੇ ਸਿਰਫ ਇਕ ਮੈਚ ਖੇਡਣ ਦਾ ਮੌਕਾ ਮਿਲਿਆ। ਉਸਨੇ ਐਡੀਲੇਡ ਵਿੱਚ ਪਿੰਕ ਬਾਲ ਟੈਸਟ ਖੇਡਿਆ ਅਤੇ ਦੋ ਪਾਰੀਆਂ ਵਿੱਚ ਸਿਰਫ ਇੱਕ ਸਫਲਤਾ ਪ੍ਰਾਪਤ ਕੀਤੀ। ਉਹ ਪਰਥ ਅਤੇ ਬ੍ਰਿਸਬੇਨ ਵਿੱਚ ਖੇਡੇ ਗਏ ਮੈਚਾਂ ਵਿੱਚ ਨਹੀਂ ਖੇਡ ਸਕੇ ਸਨ। ਬ੍ਰਿਸਬੇਨ ‘ਚ ਅਸ਼ਵਿਨ ਦੀ ਜਗ੍ਹਾ ਰਵਿੰਦਰ ਜਡੇਜਾ ਨੂੰ ਮੌਕਾ ਮਿਲਿਆ ਹੈ। ਆਸਟ੍ਰੇਲੀਆ ਦੌਰੇ ਤੋਂ ਬਾਅਦ ਟੀਮ ਇੰਡੀਆ ਟੈਸਟ ਮੈਚ ਖੇਡਣ ਲਈ ਸਿੱਧੇ ਇੰਗਲੈਂਡ ਦਾ ਦੌਰਾ ਕਰੇਗੀ। ਇਨ੍ਹਾਂ ਸਾਰੇ ਪਹਿਲੂਆਂ ਨੂੰ ਦੇਖਦੇ ਹੋਏ 38 ਸਾਲ ਦੇ ਅਸ਼ਵਿਨ ਨੇ ਸੰਨਿਆਸ ਲੈ ਲਿਆ।
ਅਸ਼ਵਿਨ ਨੇ 2011 ਤੋਂ ਭਾਰਤ ਲਈ 106 ਟੈਸਟ ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ ਇਕੱਲੇ-ਇਕੱਲੇ ਟੀਮ ਨੂੰ ਕਈ ਮੈਚਾਂ ਵਿਚ ਜਿੱਤ ਦਵਾਈ। ਉਨ੍ਹਾਂ ਨੇ ਟੈਸਟ ਮੈਚਾਂ ‘ਚ 537 ਵਿਕਟਾਂ ਲਈਆਂ ਹਨ। ਇਸ ਦੌਰਾਨ 37 ਵਾਰ ਇੱਕ ਪਾਰੀ ਵਿੱਚ 5 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਉਨ੍ਹਾਂ ਦੇ ਨਾਂ ਹੈ। ਟੈਸਟ ਮੈਚਾਂ ‘ਚ ਅਜਿਹਾ ਕਰਨ ਵਾਲਾ ਉਹ ਦੁਨੀਆ ਦਾ ਦੂਜਾ ਕ੍ਰਿਕਟਰ ਹੈ।