ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਲਈ ਇੱਕ ਚੰਗੀ ਖ਼ਬਰ ਆਈ ਹੈ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੂੰ ਕਿਹਾ ਕਿ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੂੰ ਜਲਦੀ ਹੀ ਸਰਕਾਰੀ ਰਿਹਾਇਸ਼ ਅਲਾਟ ਕੀਤੀ ਜਾਵੇਗੀ।
‘ਆਪ’ ਨੇ ਸੋਮਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ। ਇਸ ਵਿੱਚ 17 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਹਨ। 3 ਉਮੀਦਵਾਰਾਂ ਦੀਆਂ ਸੀਟਾਂ ਬਦਲੀਆਂ ਗਈਆਂ ਹਨ।
ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੰਗਪੁਰਾ ਤੋਂ ਚੋਣ ਲੜਨਗੇ। ਪਹਿਲਾਂ ਉਹ ਪਟਪੜਗੰਜ ਤੋਂ ਚੋਣ ਲੜਦੇ ਸਨ। ‘ਆਪ’ ਨੇ ਪਤਪੜਗੰਜ ਤੋਂ ਯੂਪੀਐੱਸਸੀ ਅਧਿਆਪਕ ਅਵਧ ਓਝਾ ਨੂੰ ਮੈਦਾਨ ‘ਚ ਉਤਾਰਿਆ ਹੈ। ਓਝਾ 2 ਦਸੰਬਰ ਨੂੰ ਹੀ ਪਾਰਟੀ ਵਿੱਚ ਸ਼ਾਮਲ ਹੋਏ ਸਨ।
‘ਆਪ’ ਦੀ ਪਹਿਲੀ ਸੂਚੀ 21 ਨਵੰਬਰ ਨੂੰ ਆਈ ਸੀ, ਜਿਸ ਵਿੱਚ 11 ਉਮੀਦਵਾਰਾਂ ਦੇ ਨਾਂ ਸਨ। ਇਸ ਵਿੱਚ ਭਾਜਪਾ-ਕਾਂਗਰਸ ਦੇ 6 ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਭਾਜਪਾ ਦੇ 3 ਅਤੇ ਕਾਂਗਰਸ ਦੇ 3 ਚਿਹਰੇ ਸ਼ਾਮਲ ਹਨ। ਪਾਰਟੀ ਨੇ ਹੁਣ ਤੱਕ ਕੁੱਲ 31 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।