Monday, September 16, 2024
spot_img

‘ਆਪ’ ਸਰਕਾਰ ਦੇ ਫੈਸਲੇ ਵਿਰੁੱਧ ਪੰਜਾਬ ਕਾਂਗਰਸ ਵਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ, ਮਾਮਲਾ ਪੈਟਰੋਲ, ਡੀਜ਼ਲ ਤੇ ਬਿਜਲੀ ਕੀਮਤਾਂ ‘ਚ ਵਾਧੇ ਦਾ

Must read

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਅੱਜ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੈਟਰੋਲ, ਡੀਜ਼ਲ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦੇ ਵਿਰੋਧ ਵਿੱਚ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਬਰਦਸਤ ਅਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦੇ ਕਈ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਕਮਿਸ਼ਨਰ ਦੇ ਦਫ਼ਤਰ ਤੱਕ ਰੋਸ ਮਾਰਚ ਕੀਤਾ, ਜਿੱਥੇ ਉਨ੍ਹਾਂ ਨੇ ਨਿੱਜੀ ਤੌਰ ‘ਤੇ ਮੰਗ ਪੱਤਰ ਸੌਂਪ ਕੇ ਇਨ੍ਹਾਂ ਕੀਮਤਾਂ ਦੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।

ਇਸ ਧਰਨੇ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਪੰਜਾਬ ਦੇ ਲੋਕਾਂ ਦੇ ਸਮੂਹਿਕ ਗੁੱਸੇ ਅਤੇ ਨਿਰਾਸ਼ਾ ਨੂੰ ਜ਼ਾਹਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੈਟਰੋਲ, ਡੀਜ਼ਲ ਅਤੇ ਬਿਜਲੀ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਪੰਜਾਬ ਦੇ ਲੋਕਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ। ਸਰਕਾਰ ਜਾਣਬੁੱਝ ਕੇ ਮੱਧ ਵਰਗ ਅਤੇ ਗਰੀਬਾਂ ਨੂੰ ਡੂੰਘੇ ਵਿੱਤੀ ਸੰਕਟ ਵਿੱਚ ਧੱਕ ਰਹੀ ਹੈ। ਅਸੀਂ ਇੱਥੇ ਇਹ ਸਪੱਸ਼ਟ ਕਰਨ ਦੇਣਾ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਆਪਣੇ ਇਸ਼ਤਿਹਾਰਾਂ ਦੇ ਬਜਟ ਨੂੰ ਆਮ ਆਦਮੀ ਦੀਆਂ ਜੇਬ੍ਹਾਂ ‘ਚੋਂ ਕੱਢ ਰਹੀ ਹੈ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਆਪਣੇ ਸਟੈਂਡ ‘ਤੇ ਦ੍ਰਿੜਤਾ ਨਾਲ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਹੱਕਾਂ ਲਈ ਲੜਦੀ ਰਹੇਗੀ। “ਅੱਜ ਅਸੀਂ ਸਿਰਫ਼ ਮੁਕਤਸਰ ਸਾਹਿਬ ਦੇ ਡੀਸੀ ਨੂੰ ਮੰਗ ਪੱਤਰ ਨਹੀਂ ਸੌਂਪ ਰਹੇ, ਪੰਜਾਬ ਭਰ ਦੇ ਹਰ ਜ਼ਿਲ੍ਹੇ ਦੇ ਡੀਸੀ ਨੂੰ ਵੀ ਅਜਿਹੇ ਹੀ ਮੰਗ ਪੱਤਰ ਸੌਂਪੇ ਜਾ ਰਹੇ ਹਨ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਆਮ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚੇ।

ਰਾਜਾ ਵੜਿੰਗ ਨੇ ‘ਆਪ’ ਸਰਕਾਰ ਦੀ ਨੀਤੀ ਨੂੰ ਲਾਗੂ ਕਰਨ ਦੇ ਸਮੇਂ ਅਤੇ ਢੰਗ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, “ਆਪ ਪਾਰਟੀ ਵਿਧਾਨ ਸਭਾ ਸੈਸ਼ਨਾਂ ਤੋਂ ਬਾਹਰ ਇਹ ਵਾਧੇ ਪੇਸ਼ ਕਰਕੇ ਪਾਰਦਰਸ਼ਤਾ ਅਤੇ ਜਵਾਬਦੇਹੀ ਤੋਂ ਬਚ ਰਹੀ ਹੈ। ਇਹ ਵਿਰੋਧੀ ਧਿਰ ਦੀ ਪੁੱਛ ਪੜਤਾਲ ਤੋਂ ਬਚਣ ਅਤੇ ਉਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਬੇਨਕਾਬ ਕਰਨ ਵਾਲੇ ਸਵਾਲਾਂ ਤੋਂ ਬਚਣ ਦੀ ਕੋਝੀ ਕੋਸ਼ਿਸ਼ ਹੈ।”

ਸ੍ਰੀ ਮੁਕਤਸਰ ਸਾਹਿਬ ਵਿਖੇ ਧਰਨਾ ਪੰਜਾਬ ਕਾਂਗਰਸ ਵੱਲੋਂ ‘ਆਪ’ ਸਰਕਾਰ ਨੂੰ ਆਪਣੇ ਫੈਸਲਿਆਂ ਲਈ ਜਵਾਬਦੇਹ ਬਣਾਉਣ ਲਈ ਸ਼ੁਰੂ ਕੀਤੇ ਗਏ ਸੂਬਾ ਵਿਆਪੀ ਅੰਦੋਲਨ ਦਾ ਹਿੱਸਾ ਹੈ। ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਉਦੋਂ ਤੱਕ ਅਰਾਮ ਨਹੀਂ ਕਰੇਗੀ ਜਦੋਂ ਤੱਕ ਇਨ੍ਹਾਂ ਕੀਮਤਾਂ ਵਿੱਚ ਵਾਧਾ ਵਾਪਸ ਨਹੀਂ ਲਿਆ ਜਾਂਦਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਆਪਣੇ ਲੋਕਾਂ ਦੇ ਹੱਕਾਂ ਲਈ ਲੜਾਈ ਲੜੀ ਹੈ ਅਤੇ ਹੁਣ ਵੀ ਅਸੀਂ ਪੰਜਾਬੀਆਂ ਦੀਆਂ ਜੇਬ੍ਹਾਂ ‘ਤੇ ਡਾਕਾ ਨਹੀਂ ਵੱਜਣ ਦਿਆਂਗੇ।

ਸ੍ਰੀ ਮੁਕਤਸਰ ਸਾਹਿਬ ਵਿਖੇ ਡੀਸੀ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਪੰਜਾਬ ਕਾਂਗਰਸ ਦੀਆਂ ਮੰਗਾਂ ਦੀ ਸਪਸ਼ਟ ਰੂਪ ਰੇਖਾ ਉਲੀਕੀ ਗਈ ਹੈ, ਜਿਸ ਵਿੱਚ ਸੂਬਾ ਸਰਕਾਰ ਨੂੰ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਅਤੇ ਲੋਕਾਂ ਉੱਤੇ ਪਏ ਵਿੱਤੀ ਬੋਝ ਨੂੰ ਘੱਟ ਕਰਨ ਦੀ ਅਪੀਲ ਕੀਤੀ ਗਈ ਹੈ। ਰਾਜਾ ਵੜਿੰਗ ਅਤੇ ਪੰਜਾਬ ਕਾਂਗਰਸ ਦੇ ਆਗੂਆਂ ਨੇ ਪੰਜਾਬ ਦੇ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਵਚਨਬੱਧਤਾ ‘ਤੇ ਕਾਇਮ ਰਹਿੰਦੇ ਹੋਏ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਨੂੰ ਮੰਨਣ ਤੱਕ ਆਪਣਾ ਧਰਨਾ ਜਾਰੀ ਰੱਖਣ ਦਾ ਅਹਿਦ ਲਿਆ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article