ਜਗਰਾਉਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਭਲਕੇ 15 ਅਗਸਤ ਨੂੰ ਰਾਜ ਭਰ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਾਲੇ ਝੰਡੇ ਦਿਖਾ ਕੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ। ਇਹ ਜਾਣਕਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਜ਼ਿਲ੍ਹੇ ਭਰ ਤੋਂ ਸਰਗਰਮ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਪਿਛਲੀਆਂ ਕਾਂਗਰਸ ਤੇ ਅਕਾਲੀ ਸਰਕਾਰਾਂ ਵਿੱਚ ਕੋਈ ਫਰਕ ਨਹੀਂ ਹੈ। ਸਗੋਂ ਭਗਵੰਤ ਮਾਨ ਸਰਕਾਰ ਅਤੇ ਵਿਧਾਇਕ ਇੱਕ ਕਦਮ ਅੱਗੇ ਨਿਕਲ ਗਏ ਹਨ। ਇਸ ਦੇ ਨਾਲ ਹੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮੋਦੀ ਸਰਕਾਰ ਅਤੇ ਮਾਨ ਸਰਕਾਰ ਵਿੱਚ ਕੋਈ ਫਰਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਜਦੋਂ ਭਗਵੰਤ ਮਾਨ ਸਰਕਾਰ ਦੇ ਸਾਰੇ ਮੰਤਰੀ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਵਿੱਚ ਲੱਗੇ ਹੋਣਗੇ ਤਾਂ ਕਿਸਾਨ ਕਾਲੀਆਂ ਝੰਡੀਆਂ ਦਿਖਾ ਕੇ ਝੂਠੀ ਆਜ਼ਾਦੀ ਦਾ ਪਰਦਾਫਾਸ਼ ਕਰਨਗੇ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਸਵੇਰੇ 10 ਵਜੇ ਜਗਰਾਓਂ ਬੱਸ ਸਟੈਂਡ ਵਿਖੇ ਇਕੱਠੇ ਹੋਣਗੇ ਅਤੇ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕਰਨਗੇ। ਮੀਟਿੰਗ ਵਿੱਚ ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬਾਸੂਵਾਲ, ਪਾਲ ਸਿੰਘ ਡੱਲਾ, ਪਰਮਿੰਦਰ ਸਿੰਘ ਪਿੱਕਾ, ਇੰਦਰਜੀਤ ਸਿੰਘ ਲੋਧੀਵਾਲ, ਜਗਜੀਤ ਸਿੰਘ, ਹਕੀਮ ਸਿੰਘ ਭੱਟੀਆਂ, ਬੇਅੰਤ ਸਿੰਘ, ਸਰਬਜੀਤ ਸਿੰਘ, ਸੁਖਵੰਤ ਕੌਰ ਗਾਲਿਬ, ਗੁਰਤੇਜ ਸਿੰਘ ਅਖਾੜਾ, ਬਲਜੀਤ ਕੌਰ, ਦਲਜੀਤ ਕੌਰ ਬਾਸੂਵਾਲ ਆਦਿ ਹਾਜ਼ਰ ਸਨ।