ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ 1 ਫਰਵਰੀ ਯਾਨੀ ਪੰਜਾਬ ਦੇ ਜਲੰਧਰ ਦਾ ਦੌਰਾ ਕਰਨਗੇ। ਉਹ ਡੇਰਾ ਸੱਚਖੰਡ ਬੱਲਾਂ ਦੇ ਧਾਰਮਿਕ ਸਥਾਨ ‘ਤੇ ਮੱਥਾ ਟੇਕਣਗੇ। ਉਨ੍ਹਾਂ ਦੀ ਫੇਰੀ ਤੋਂ ਪਹਿਲਾਂ ਸ਼ਹਿਰ ਵਿੱਚ ਬੰਬ ਦੀ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ ਸੀ, ਜਿਸ ਵਿੱਚ ਜਲੰਧਰ ਦੇ ਚਾਰ ਸਕੂਲਾਂ ਅਤੇ ਡੇਰਾ ਸੱਚਖੰਡ ਬੱਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਈਮੇਲ ਤੋਂ ਬਾਅਦ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਸ਼ਨੀਵਾਰ ਨੂੰ ਸਬੰਧਤ ਖੇਤਰਾਂ ਵਿੱਚ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਹਾਲਾਂਕਿ, ਹੁਣ ਤੱਕ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ।
ਇਸਦੇ ਨਾਲ ਹੀ ਪ੍ਰਧਾਨ ਨਰਿੰਦਰ ਮੋਦੀ ਅੱਜ ਪੰਜਾਬ ’ਚ ਹਲਵਾਰਾ ਹਵਾਈ ਅੱਡੇ ਦੇ ਸਿਵਲ ਟਰਮੀਨਲ ਦਾ ਉਦਘਾਟਨ ਕਰਨਗੇ ਅਤੇ ਆਦਮਪੁਰ ਹਵਾਈ ਅੱਡੇ ਦਾ ਨਾਂ ਸੰਤ ਰਵਿਦਾਸ ਜੀ ਦੇ ਨਾਂ ਉਤੇ ਰਖਣਗੇ। ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ, ‘‘ਸੰਤ ਗੁਰੂ ਰਵਿਦਾਸ ਜੀ ਦੀ 649ਵੀਂ ਜੈਯੰਤੀ ਦੇ ਸ਼ੁੱਭ ਮੌਕੇ ’ਤੇ ਆਦਮਪੁਰ ਹਵਾਈ ਅੱਡੇ ਦਾ ਨਾਮਕਰਨ ਇਸ ਪੂਜਨੀਕ ਸੰਤ ਅਤੇ ਸਮਾਜ ਸੁਧਾਰਕ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਦੀ ਬਰਾਬਰੀ, ਰਹਿਮਦਿਲੀ ਅਤੇ ਮਨੁੱਖੀ ਮਾਣ ਦੀਆਂ ਸਿਖਿਆਵਾਂ ਭਾਰਤ ਦੀਆਂ ਸਮਾਜਕ ਕਦਰਾਂ-ਕੀਮਤਾਂ ਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ।’’
ਲੁਧਿਆਣਾ ਜ਼ਿਲ੍ਹੇ ’ਚ ਸਥਿਤ ਹਲਵਾਰਾ ’ਚ ਭਾਰਤੀ ਹਵਾਈ ਫ਼ੌਜ ਦਾ ਇਕ ਰਣਨੀਤਕ ਰੂਪ ’ਚ ਅਹਿਮ ਸਟੇਸ਼ਨ ਵੀ ਹੈ। ਲੁਧਿਆਣਾ ’ਚ ਪਹਿਲੇ ਹਵਾਈ ਅੱਡੇ ਦਾ ਰਨਵੇ ਮੁਕਾਬਲਤਨ ਛੋਟਾ ਸੀ, ਜੋ ਛੋਟੇ ਆਕਾਰ ਦੇ ਜਹਾਜ਼ਾਂ ਲਈ ਪ੍ਰਯੋਗ ਹੁੰਦਾ ਸੀ। ਸੰਪਰਕ ’ਚ ਸੁਧਾਰਤ ਅਤੇ ਵੱਡੇ ਜਹਾਜ਼ਾਂ ਦੇ ਉਤਰਨ ਲਈ ਹਲਵਾਰਾ ’ਚ ਇਕ ਨਵਾਂ ‘ਸਿਵਲ ਇਨਕਲੇਵ’ ਵਿਕਸਤ ਕੀਤਾ ਗਿਆ ਹੈ, ਜਿਸ ਦਾ ਰਨਵੇ ਲੰਮਾ ਹੈ ਅਤੇ ਏ320 ਵਰਗੇ ਜਹਾਜ਼ਾਂ ਦੀ ਆਵਾਜਾਈ ਲਈ ਸਮਰੱਥ ਹੈ।





