ਲੁਧਿਆਣਾ ਵਿੱਚ ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਅੱਜ ਕੁੱਲ 1,228,187 ਵੋਟਰ 447 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਸ ਤੋਂ ਇਲਾਵਾ ਵੱਖ-ਵੱਖ ਨਗਰ ਕੌਂਸਲਾਂ ਅਤੇ ਇੱਕ ਨਗਰ ਪੰਚਾਇਤ ਲਈ 160 ਉਮੀਦਵਾਰ ਚੋਣ ਲੜ ਰਹੇ ਹਨ। 1,296 ਪੋਲਿੰਗ ਸਟੇਸ਼ਨਾਂ ‘ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਜੋ ਸ਼ਾਮ 4 ਵਜੇ ਤੱਕ ਚੱਲੇਗੀ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਜੋ ਕਿ ਜ਼ਿਲ੍ਹਾ ਚੋਣ ਅਫ਼ਸਰ ਵਜੋਂ ਕੰਮ ਕਰਦੇ ਹਨ ਉਨ੍ਹਾਂ ਨੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਅਤੇ ਸਰਕਾਰੀ ਕਾਲਜ ਫ਼ਾਰ ਗਰਲਜ਼ ਸਮੇਤ ਵੱਖ-ਵੱਖ ਕੇਂਦਰਾਂ ਤੋਂ ਪੋਲਿੰਗ ਪਾਰਟੀਆਂ ਨੂੰ ਭੇਜਣ ਦੀ ਨਿਗਰਾਨੀ ਕੀਤੀ। ਉਨ੍ਹਾਂ ਕਿਹਾ ਕਿ ਐਮਸੀਐਲ ਚੋਣਾਂ ਲਈ ਕੁੱਲ 1165749 ਵੋਟਰ ਹਨ, ਜਿਨ੍ਹਾਂ ਵਿੱਚ 624708 ਪੁਰਸ਼ ਵੋਟਰ, 540938 ਮਹਿਲਾ ਵੋਟਰ ਅਤੇ 103 ਥਰਡ ਜੈਂਡਰ ਦੇ ਵੋਟਰ ਹਨ। ਇਸ ਤੋਂ ਇਲਾਵਾ 420 ਪੋਲਿੰਗ ਸਟੇਸ਼ਨਾਂ ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਹੈ, ਜਿਨ੍ਹਾਂ ਨੂੰ 447 ਉਮੀਦਵਾਰਾਂ ਦੀ ਨਿਰਪੱਖ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਪੁਲੀਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਮਾਛੀਵਾੜਾ ਨਗਰ ਕੌਂਸਲ, ਸਾਹਨੇਵਾਲ ਨਗਰ ਕੌਂਸਲ, ਨਗਰ ਕੌਂਸਲ ਮੁੱਲਾਂਪੁਰ ਦਾਖਾ, ਨਗਰ ਪੰਚਾਇਤ ਮਲੌਦ, ਨਗਰ ਕੌਂਸਲ ਖੰਨਾ ਤੇ ਨਗਰ ਕੌਂਸਲ ਸਮਰਾਲਾ ਨਾਲ ਸਬੰਧਤ ਚੋਣਾਂ ਲਈ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁੱਲ 62438 ਵੋਟਰ ਹਨ। ਇਨ੍ਹਾਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚ 56 ਵਾਰਡਾਂ ਵਿੱਚ 80 ਪੋਲਿੰਗ ਬੂਥ ਹੋਣਗੇ, ਜਿਨ੍ਹਾਂ ਵਿੱਚੋਂ 31 ਸੰਵੇਦਨਸ਼ੀਲ ਤੇ 14 ਅਤਿ ਸੰਵੇਦਨਸ਼ੀਲ ਹਨ। ਡੀਈਓ ਨੇ ਸਾਰੇ ਚੋਣ ਅਮਲੇ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਣ ਤਾਂ ਜੋ ਵੋਟਰ ਆਪਣੀ ਵੋਟ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪਾ ਸਕਣ।
ਉਨ੍ਹਾਂ ਨੇ ਸ਼ਾਂਤੀਪੂਰਨ ਚੋਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਉਨ੍ਹਾਂ ਦੇ ਮੋਢਿਆਂ ‘ਤੇ ਰੱਖੀ ਗਈ ਜ਼ਿੰਮੇਵਾਰੀ ‘ਤੇ ਜ਼ੋਰ ਦਿੱਤਾ ਅਤੇ ਪੋਲਿੰਗ ਪਾਰਟੀਆਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਪੋਲਿੰਗ ਪਾਰਟੀਆਂ ਅਤੇ ਪੋਲਿੰਗ ਬੂਥਾਂ ’ਤੇ ਵੋਟਰਾਂ ਦੋਵਾਂ ਦੀ ਸਹਾਇਤਾ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਏਡੀਸੀ ਅਮਰਜੀਤ ਬੈਂਸ, ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਵਿਨੀਤ ਕੁਮਾਰ, ਸੀਐੱਮ ਦੇ ਫੀਲਡ ਅਫਸਰ ਕ੍ਰਿਤਿਕਾ ਗੋਇਲ ਅਤੇ ਐਸਡੀਐਮ ਡਾ. ਬਲਜਿੰਦਰ ਸਿੰਘ ਢਿੱਲੋਂ ਸਣੇ ਹੋਰ ਹਾਜ਼ਰ ਸਨ।