ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਤੋਂ ਕਿਸਾਨ ਅੱਜ ਤੀਜੀ ਵਾਰ ਦਿੱਲੀ ਵੱਲ ਮਾਰਚ ਕਰਨਗੇ। 101 ਕਿਸਾਨਾਂ ਦਾ ਜਥਾ ਦੁਪਹਿਰ 12 ਵਜੇ ਰਵਾਨਾ ਹੋਵੇਗਾ। ਉਨ੍ਹਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਸਰਹੱਦ ‘ਤੇ ਤਾਇਨਾਤ ਹੈ। ਪੁਲਿਸ ਨੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਇੱਥੇ ਬਣੇ ਸ਼ੈੱਡ ਉਪਰ ਜਾਲ ਵੀ ਵਿਛਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਪੁਲੀਸ ਨੇ ਦੋ ਵਾਰ ਕਿਸਾਨਾਂ ਨੂੰ ਸਰਹੱਦ ਪਾਰ ਨਹੀਂ ਕਰਨ ਦਿੱਤੀ।
ਕਾਂਗਰਸੀ ਆਗੂ ਤੇ ਪਹਿਲਵਾਨ ਬਜਰੰਗ ਪੂਨੀਆ ਵੀ ਅੱਜ ਸ਼ੰਭੂ ਸਰਹੱਦ ਪਹੁੰਚਣਗੇ। ਇਸ ਬਾਰੇ ਉਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ।
ਦੂਜੇ ਪਾਸੇ ਦਿੱਲੀ ਵੱਲ ਮਾਰਚ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਅੰਬਾਲਾ ਜ਼ਿਲ੍ਹੇ ਦੇ 12 ਪਿੰਡਾਂ ਵਿੱਚ ਇੰਟਰਨੈੱਟ ਪਾਬੰਦੀ 18 ਦਸੰਬਰ ਤੱਕ ਵਧਾ ਦਿੱਤੀ ਹੈ। ਇਹ ਸੇਵਾਵਾਂ ਸਵੇਰੇ 6 ਵਜੇ ਤੋਂ 17 ਦਸੰਬਰ ਰਾਤ 12 ਵਜੇ ਤੱਕ ਬੰਦ ਰਹਿਣਗੀਆਂ। ਇਹ ਹੁਕਮ ਹਰਿਆਣਾ ਦੀ ਗ੍ਰਹਿ ਸਕੱਤਰ ਸੁਮਿਤਰਾ ਮਿਸ਼ਰਾ ਨੇ ਜਾਰੀ ਕੀਤਾ ਹੈ। ਲੋਹਗੜ੍ਹ, ਮਾਣਕਪੁਰ, ਡਡਿਆਣਾ, ਲਹਿਰਾਸਾ, ਕਾਲੂ ਮਾਜਰਾ, ਦੇਵੀ ਨਗਰ, ਸੱਦੋਪੁਰ, ਸੁਲਤਾਨਪੁਰ ਅਤੇ ਕਾਕਰੂ ਪਿੰਡਾਂ ਵਿੱਚ ਇੰਟਰਨੈੱਟ ਬੰਦ ਰਹੇਗਾ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ 101 ਕਿਸਾਨਾਂ ਦਾ ਜਥਾ 12 ਵਜੇ ਸ਼ੰਭੂ ਸਰਹੱਦ ਤੋਂ ਦਿੱਲੀ ਵੱਲ ਮਾਰਚ ਕਰੇਗਾ। ਸੁਰਿੰਦਰ ਸਿੰਘ ਲੌਂਗੋਵਾਲ, ਮਲਕੀਤ ਸਿੰਘ ਅਤੇ ਓਮਕਾਰ ਸਿੰਘ ਗਰੁੱਪ ਦੀ ਅਗਵਾਈ ਕਰਨਗੇ। ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪੂਰਾ ਦੇਸ਼ ਚਿੰਤਤ ਹੈ। ਪਰ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ। ਕਿਸਾਨ ਅੰਦੋਲਨ ਵਿੱਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਕਿਸਾਨ ਵੀ ਪਹੁੰਚਣੇ ਸ਼ੁਰੂ ਹੋ ਗਏ ਹਨ। ਕਿਸਾਨ ਆਗੂ ਸਤਨਾਮ ਸਿੰਘ ਨੇ ਕਿਹਾ ਕਿ ਸਰਕਾਰ ਮੰਗਾਂ ਜਲਦੀ ਪੂਰੀਆਂ ਕਰੇ। ਅਸੀਂ ਲੜਨ ਨਹੀਂ ਆਏ।