ਅੰਮ੍ਰਿਤਸਰ: ਅੰਮ੍ਰਿਤਸਰ ਹੈਰੀਟੇਜ ਸਟਰੀਟ ਵਿੱਚ ਹੋਏ ਦੋ ਧਮਾਕਿਆਂ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ ਹੈਰੀਟੇਜ ਸਟਰੀਟ ਦਾ ਦੌਰਾ ਕੀਤਾ। ਮੁੱਢਲੀ ਜਾਂਚ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਘਟਨਾ ਨੂੰ ਲੈ ਕੇ ਜ਼ਿਆਦਾ ਚਿੰਤਾ ਨਾ ਕਰਨ। ਪੁਲਿਸ ਹਰ ਪਹਿਲੂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ।
ਧਮਾਕਾ ਸੋਮਵਾਰ ਸਵੇਰੇ 6.30 ਵਜੇ ਪੰਜਾਬ ਦੇ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਤੋਂ 800 ਮੀਟਰ ਦੂਰ ਹੈਰੀਟੇਜ ਸਟਰੀਟ ‘ਤੇ ਹੋਇਆ। ਇਸ ਖੇਤਰ ਵਿੱਚ 32 ਘੰਟਿਆਂ ਵਿੱਚ ਇਹ ਦੂਜਾ ਧਮਾਕਾ ਹੈ। ਹਾਲਾਂਕਿ ਇਸ ‘ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਸ਼ਨੀਵਾਰ ਰਾਤ ਨੂੰ ਵੀ ਇੱਥੇ ਧਮਾਕਾ ਹੋਇਆ ਸੀ, ਜਿਸ ‘ਚ 6 ਲੋਕ ਜ਼ਖਮੀ ਹੋ ਗਏ ਸਨ। ਪੁਲਿਸ ਦਾ ਕਹਿਣਾ ਹੈ ਕਿ ਬੰਬ ਕੋਲਡ ਡਰਿੰਕ ਦੇ ਟੀਨ ਵਿੱਚ ਲਾਇਆ ਗਿਆ ਸੀ। ਫੋਰੈਂਸਿਕ ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਸ਼ੁਰੂਆਤੀ ਜਾਂਚ ਵਿੱਚ ਕੋਈ ਡੈਟੋਨੇਟਰ ਬਰਾਮਦ ਨਹੀਂ ਹੋਇਆ। ਇਹ ਦੋਵੇਂ ਘੱਟ ਘਣਤਾ ਵਾਲੇ ਬੰਬ ਸਨ। ਇਹ ਕੱਚੇ ਬੰਬ ਹਨ। ਦੂਜੇ ਪਾਸੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਇਨ੍ਹਾਂ ਧਮਾਕਿਆਂ ਦੇ ਮਕਸਦ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਅੱਤਵਾਦ, ਸ਼ਰਾਰਤੀ ਅਨਸਰਾਂ ਅਤੇ ਨਿੱਜੀ ਕੋਣ ਨੂੰ ਧਿਆਨ ‘ਚ ਰੱਖਦੇ ਹੋਏ ਪੁਲਸ ਜਾਂਚ ‘ਚ ਜੁਟੀ ਹੋਈ ਹੈ।