ਅੰਮ੍ਰਿਤਸਰ, 30 ਸਤੰਬਰ : ਬਟਾਲਾ ਰੋਡ ਸਥਿਤ ਕੁੱਲੂ ਮਿੱਲ ਸਟਰੀਟ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਦਵਾਈਆਂ ਬਣਾਉਣ ਵਾਲੀ ਫੈਕਟਰੀ ‘ਚ ਜ਼ਬਰਦਸਤ ਧਮਾਕਾ ਹੋ ਗਿਆ। ਜਿਸ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਧਮਾਕਾ ਨਾਲ ਆਸ-ਪਾਸ ਦੇ ਕਈ ਘਰਾਂ ਦੇ ਸ਼ੀਸ਼ੇ ਟੁੱਟ ਗਏ। ਮੌਕੇ ‘ਤੇ ਪਹੁੰਚੀ ਪੁਲੀਸ ਮਾਮਲੇ ਦੀ ਜਾਂਚ ਕਰਨ ਵਿੱਚ ਲੱਗੀ ਹੋਈ ਹੈ। ਆਸ ਪਾਸ ਦੇ ਰਹਿਣ ਵਾਲੇ ਲੋਕਾਂ ਅਨੁਸਾਰ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਫੈਕਟਰੀ ਦੇ ਅੰਦਰੋਂ ਸ਼ੀਸ਼ਾ ਬਾਹਰ ਨਿਕਲ ਕੇ ਘਰ ‘ਚ ਮੌਜੂਦ ਲੋਕਾਂ ਦੇ ਜਾ ਲੱਗੇ, ਜਿਸ ਕਾਰਨ ਲੋਕ ਜ਼ਖਮੀ ਹੋ ਗਏ। ਫੈਕਟਰੀ ਮਾਲਕ ਨੇ ਦੱਸਿਆ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਤਿੰਨ ਜਣਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪਰ ਇਹ ਧਮਾਕਾ ਫੈਕਟਰੀ ਦੇ ਅੰਦਰ ਇੱਕ ਮਸ਼ੀਨ ਫਟਣ ਕਾਰਨ ਹੋਇਆ। ਜਿਸ ਕਾਰਨ ਫੈਕਟਰੀ ਅੰਦਰ ਕਾਫੀ ਨੁਕਸਾਨ ਹੋਇਆ ਹੈ। ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਟਾਲਾ ਰੋਡ ‘ਤੇ ਸਥਿਤ ਕੁੱਲੂ ਮਿੱਲ ਗਲੀ ‘ਚ ਧਮਾਕਾ ਹੋਣ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਕਿ ਉਥੇ ਇਕ ਮਸ਼ੀਨ ‘ਚ ਧਮਾਕਾ ਹੋਇਆ ਸੀ ਅਤੇ ਤਿੰਨ ਲੋਕ ਜ਼ਖਮੀ ਹੋ ਗਏ ਜਿਹਨਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ, ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।