ਅੰਮ੍ਰਿਤਸਰ ਵਿਚ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਅਮਰੀਕਾ ਸਥਿਤ ਤਸਕਰ ਸਰਵਨ ਸਿੰਘ ਉਰਫ ਭੋਲਾ ਹਵੇਲੀਆਂ ਵੱਲੋਂ ਚਲਾਈ ਜਾ ਰਹੀ ਨਸ਼ੀਲੇ ਪਦਾਰਥ ਦੀ ਚੇਨ ਨੂੰ ਤੋੜਨ ਵਿਚ ਸਫਲਤਾ ਹਾਸਲ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਜਨਾਲਾ ਤੋਂ ਭੋਲਾ ਹਵੇਲੀਆਂ ਦੇ 3 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਰਨਤਾਰਨ ਦੇ ਖਾਲੜਾ ਦੇ ਕਰਨਜੀਤ ਸਿੰਘ, ਅੰਮ੍ਰਿਤਸਰ ਦੇ ਰਾਜਾਸਾਂਸੀ ਵਾਸੀ ਆਕਾਸ਼ ਸੇਠ ਉਰਫ ਰਘੂ ਤੇ ਸੁਖਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 6 ਪਿਸਤੌਲਾਂ, 5 30 ਬੋਰ ਸਟਾਰ ਪਿਸਤੌਲ ਤੇ 9mm ਗਲਾਕ ਦੇ ਨਾਲ-ਨਾਲ 6 ਜ਼ਿੰਦਾ ਕਾਰਤੂਸ ਤੇ 10 ਮੈਗਜ਼ੀਨ, 200 ਗ੍ਰਾਮ ਹੈਰੋਇਨ ਤੇ ਇਕ ਇਲੈਕਟ੍ਰਾਨਿਕ ਵੇਟ ਮਸ਼ੀਨ ਵੀ ਬਰਾਮਦ ਕੀਤੀ ਹੈ।
ਵਿਦੇਸ਼ ਤੋਂ ਨੈਟਵਰਕ ਚਲਾ ਰਹੇ ਭੋਲਾ ਹਵੇਲੀਆਂ ‘ਤੇ 2 ਲੱਖ ਰੁਪਏ ਦਾ ਇਨਾਮ ਹੈ। ਪੰਜਾਬ ਦੇ ਡਰੱਗ ਤਸਕਰ ਰਨਜੀਤ ਉਰਫ ਚੀਤਾ ਦਾ ਭਰਾ ਹੈ ਤੇ ਚਰਚਿਤ 532 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲੇ ਵਿਚ ਲੋੜੀਂਦਾ ਵੀ ਹੈ ਜਿਸ ਵਿਚ ਚੀਤਾ ਨੂੰ ਮਈ 2020 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਰਣਜੀਤ ਚੀਤਾ ਜੁਲਾਈ 2019 ਵਿਚ ICP ਅਟਾਰੀ ਵਿਚ ਕਸਟਮ ਵਿਭਾਗ ਵੱਲੋਂ ਜ਼ਬਤ ਕੀਤੇ ਗਏ 532 ਪੈਕੇਟ ਹੈਰੋਇਨ ਦੀ ਤਸਕਰੀ ਪਿੱਛੇ ਮਾਸਟਰਮਾਈਂਡ ਸੀ। ਇਸ ਮਾਮਲੇ ਦੀ NIA ਜਾਂਚ ਕਰ ਰਹੀ ਹੈ।