ਅੱਜ ਅਮਰੀਕਾ ਤੋਂ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਦੂਜੀ ਉਡਾਣ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਏਅਰਪੋਰਟ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦਾ ਜਹਾਜ਼ ਅੰਮ੍ਰਿਤਸਰ ਉਤਾਰਨਾ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਗੁਰੂ ਨਗਰੀ ਨੂੰ ਹੀ ਕਿਉਂ ਡਿਪੋਰਟੇਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਨੂੰ ਹੀ ਜਹਾਜ਼ ਉਤਾਰਨ ਲਈ ਕਿਉਂ ਚੁਣਿਆ ਗਿਆ ਹੈ। ਜਹਾਜ਼ ਕਿਸੇ ਹੋਰ ਸੂਬੇ ਵਿਚ ਵੀ ਉਤਾਰਿਆ ਜਾ ਸਕਦਾ ਸੀ। ਮਾਨ ਨੇ ਕਿਹਾ ਕਿ ਪਾਕਿਸਤਾਨ ਦਾ ਬਾਰਡਰ ਨੇੜੇ ਹੈ ਇਸ ਲਈ ਇੱਥੇ ਜਹਾਜ਼ ਉਤਾਰਨਾ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ।
ਮਾਨ ਨੇ ਅੱਗੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਭਾਰਤ ਨੂੰ ਆਪਣਾ ਜਹਾਜ਼ ਭੇਜ ਕੇ ਭਾਰਤੀਆਂ ਨੂੰ ਲਿਆਉਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਅਮਰੀਕਾ ‘ਚੋਂ ਕੱਢੇ ਹੋਏ ਸਾਰੇ ਭਾਰਤੀਆਂ ਲਈ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਯਾਤਰੀਆਂ ਨੂੰ ਰੋਟੀ ਖੁਵਾ ਕੇ ਹੀ ਭੇਜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਇਹ ਧਰਤੀ ਉਹ ਹੈ ਜਿੱਥੇ ਹਮੇਸ਼ਾ ਲੰਗਰ ਚੱਲਦੇ ਰਹਿੰਦੇ ਹਨ।