ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ‘ਤੇ ਨੈਸ਼ਨਲ ਸਕਿਉਰਿਟੀ ਐਕਟ (ਐਨਐਸਏ) ਦੀ ਮਿਆਦ ਇੱਕ ਸਾਲ ਲਈ ਵਧਾ ਦਿੱਤੀ ਗਈ ਹੈ। ਅੰਮ੍ਰਿਤਪਾਲ ਦੇ ਨਾਲ-ਨਾਲ ਉਸ ਦੇ ਸਾਰੇ 9 ਸਾਥੀਆਂ ‘ਤੇ ਵੀ ਇਹ ਹੁਕਮ ਜਾਰੀ ਕੀਤੇ ਗਏ ਹਨ। ਇਸ ਸਮੇਂ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਸਮੇਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਨੇ ਲੋਕ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ।
ਪੰਜਾਬ ਸਰਕਾਰ ਦੇ ਸੂਤਰਾਂ ਅਨੁਸਾਰ ਇਹ ਹੁਕਮ ਲੋਕ ਸਭਾ ਚੋਣਾਂ ਤੋਂ ਦੋ ਦਿਨ ਬਾਅਦ ਅਤੇ ਨਤੀਜਿਆਂ ਤੋਂ ਇਕ ਦਿਨ ਪਹਿਲਾਂ 3 ਜੂਨ ਨੂੰ ਜਾਰੀ ਕੀਤੇ ਗਏ ਹਨ। ਫਿਲਹਾਲ ਪਰਿਵਾਰ ਅਤੇ ਅੰਮ੍ਰਿਤਪਾਲ ਦੇ ਵਕੀਲ ਨੂੰ ਵੀ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਐਨਐਸਏ ਵਿੱਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ ਉਹ ਮਾਰਚ 2023 ਤੋਂ ਐਨਐਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਹੈ। NSA ਇੱਕ ਕਾਨੂੰਨ ਹੈ ਜੋ ਸਰਕਾਰ ਨੂੰ ਰਸਮੀ ਦੋਸ਼ਾਂ ਤੋਂ ਬਿਨਾਂ ਵਿਅਕਤੀਆਂ ਨੂੰ 12 ਮਹੀਨਿਆਂ ਤੱਕ ਨਜ਼ਰਬੰਦ ਕਰਨ ਦੀ ਇਜਾਜ਼ਤ ਦਿੰਦਾ ਹੈ। ਪਰ ਅੰਮ੍ਰਿਤਪਾਲ ਸਿੰਘ ਨੂੰ ਅੱਜ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ।
ਚੋਣਾਂ ਤੋਂ ਪਹਿਲਾਂ ਪਰਿਵਾਰ ਨੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਨੌਂ ਸਾਥੀਆਂ ਨੂੰ ਪੰਜਾਬ ਸ਼ਿਫਟ ਕਰਨ ਦੇ ਕਈ ਯਤਨ ਕੀਤੇ, ਜੋ ਅਸਫਲ ਰਹੇ। ਅਖ਼ੀਰ ਪਰਿਵਾਰ ਨੇ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਚੋਣਾਂ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ। ਹੈਰਾਨੀ ਦੀ ਗੱਲ ਹੈ ਕਿ ਖਡੂਰ ਸਾਹਿਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਇਸ ਹੱਦ ਤੱਕ ਨਕਾਰ ਦਿੱਤਾ ਕਿ ਅੰਮ੍ਰਿਤਪਾਲ ਨੂੰ 1.97 ਲੱਖ ਵੋਟਾਂ ਦੇ ਫਰਕ ਨਾਲ ਜਿੱਤਾ ਦਿੱਤਾ।
ਨਿਯਮਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ 6 ਮਹੀਨੇ ਦੇ ਅੰਦਰ ਸੰਸਦ ਵਿੱਚ ਪਹੁੰਚ ਕੇ ਸਹੁੰ ਚੁੱਕਣੀ ਹੋਵੇਗੀ। ਇਸ ਦੇ ਲਈ ਉਸ ਨੂੰ 1 ਦਿਨ ਦੀ ਪੈਰੋਲ ਮਿਲ ਸਕਦੀ ਹੈ। ਇਸ ਸਾਲ ਮਾਰਚ ਵਿੱਚ, ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ, ਜੋ ਉਸ ਸਮੇਂ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਤਿਹਾੜ ਵਿੱਚ ਕੈਦ ਸਨ, ਨੂੰ ਇੱਕ ਅਦਾਲਤ ਨੇ ਦੂਜੀ ਵਾਰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਦੀ ਇਜਾਜ਼ਤ ਦਿੱਤੀ ਸੀ। ਹੇਠਲੀ ਅਦਾਲਤ ਨੇ ਜੇਲ੍ਹ ਸੁਪਰਡੈਂਟ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਉਹ ਲੋੜੀਂਦੀ ਸੁਰੱਖਿਆ ਦੇ ਨਾਲ ਸੰਸਦ ਤੱਕ ਪਹੁੰਚਾਇਆ ਜਾਵੇ ਅਤੇ ਵਾਪਸ ਜੇਲ੍ਹ ਭੇਜਿਆ ਜਾਵੇ।
ਜੇਕਰ ਸਰਕਾਰ ਚੋਣ ਨਤੀਜਿਆਂ ਨੂੰ ਦੇਖਦੇ ਹੋਏ ਐਨਐਸਏ ਨੂੰ ਹਟਾ ਦਿੰਦੀ ਹੈ ਤਾਂ ਵੀ ਅੰਮ੍ਰਿਤਪਾਲ ਸਿੰਘ ਨੂੰ ਅਦਾਲਤਾਂ ਵਿੱਚ ਫਸੇ ਰਹਿਣਾ ਪਵੇਗਾ। ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਅਜਨਾਲਾ ਥਾਣੇ ਵਿੱਚ ਨਾਜਾਇਜ਼ ਹਥਿਆਰਾਂ ਨਾਲ ਹਮਲਾ ਕਰਨ ਸਮੇਤ ਵੱਖ-ਵੱਖ ਥਾਣਿਆਂ ਵਿੱਚ 12 ਕੇਸ ਦਰਜ ਹਨ। ਇੰਨਾ ਹੀ ਨਹੀਂ ਉਸਦੇ ਖਿਲਾਫ ਆਸਾਮ ਦੇ ਥਾਣੇ ‘ਚ ਵੀ ਮਾਮਲਾ ਦਰਜ ਹੈ। ਜਿਸ ‘ਚ ਪੁਲਸ ਨੇ ਤਲਾਸ਼ੀ ਦੌਰਾਨ ਡਿਬਰੂਗੜ੍ਹ ਜੇਲ੍ਹ ‘ਚੋਂ ਇਲੈਕਟ੍ਰਾਨਿਕ ਯੰਤਰ ਬਰਾਮਦ ਕੀਤੇ ਸਨ।