ਅਮਰੀਕਾ ਤੋਂ 116 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦੇ ਦੂਜੇ ਸਮੂਹ ਨੂੰ ਲੈ ਕੇ ਅਮਰੀਕੀ ਫੌਜੀ ਜਹਾਜ਼ ਸੀ-17 ਸ਼ਨੀਵਾਰ ਰਾਤ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਇਨ੍ਹਾਂ ਵਿੱਚੋਂ ਪੰਜਾਬ ਤੋਂ 65, ਹਰਿਆਣਾ ਤੋਂ 33, ਗੁਜਰਾਤ ਤੋਂ 8, ਯੂਪੀ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 2-2, ਅਤੇ ਹਿਮਾਚਲ, ਜੰਮੂ-ਕਸ਼ਮੀਰ ਅਤੇ ਗੋਆ ਤੋਂ 1-1 ਹੈ। ਡਿਪੋਰਟ ਹੋਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਮਰੀਕਾ ਤੋਂ ਦੇਸ਼ ਨਿਕਾਲਾ ਹੋਏ 116 ਨੌਜਵਾਨ ਅੰਮ੍ਰਿਤਸਰ ਦੀ ਪ੍ਰਵਾਨ ਧਰਤੀ ’ਤੇ ਏਅਰਪੋਰਟ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੇ ਨਾਲ ਕੁਝ ਹੋਰ ਸੂਬਿਆਂ ਦੇ ਨੌਜਵਾਨ ਵੀ ਆਪਣੇ ਮੁਲਕ ਵਾਪਸ ਪਹੁੰਚੇ ਹਨ। ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਕੇਂਦਰੀ ਮੰਤਰੀ ਉਨ੍ਹਾਂ ਨੌਜਵਾਨਾਂ ਨੂੰ ਅਗਾਊਂ ਲੈਣ ਵਾਸਤੇ ਗਏ ਬਹੁਤ ਚੰਗੀ ਗੱਲ ਹੈ ਕਿ ਉਨ੍ਹਾਂ ਨੌਜਵਾਨਾਂ ਨੂੰ ਆਪਣੀ ਗਲਵਕੜੀ ਵਿਚ ਲਿਆ ਅਤੇ ਹੌਂਸਲਾ ਦਿੱਤਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਮੱਸਿਆ ਸਾਡੇ ਲਈ ਆਉਣ ਵਾਲੇ ਸਮੇਂ ’ਚ ਗੰਭੀਰ ਬਣਨ ਦੇ ਖਦਸ਼ੇ ਹਨ। ਕਿਉਂਕਿ ਜਿਸ ਤਰੀਕੇ ਦੇ ਵਿਦੇਸ਼ਾਂ ਵਿਚ ਹਾਲਾਤ ਬਣ ਰਹੇ ਹਨ, ਜਿਵੇਂ ਖਾਸ ਕਰ ਕੇ ਕੈਨੇਡਾ ਵਿਚ ਬੇਰਜ਼ੁਗਾਰੀ ਪਸਰ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਬੱਚੇ ਆਪਣੀ ਸਵੈ ਇੱਛਾ ਅਨੁਸਾਰ ਭਾਰਤ ਆਉਣ ਨੂੰ ਤਿਆਰ ਬੈਠੇ ਹਨ। ਪਰ ਉਨ੍ਹਾਂ ’ਚ ਕੁਝ ਨੌਜਵਾਨ ਤਾਂ ਆਪਣਾ ਜ਼ਮੀਨ ’ਤੇ ਖੇਤੀਬਾੜੀ ਕਰ ਲੈਣਗੇ ਪਰ ਵੱਡੀ ਗਿਣਤੀ ਵਿਚ ਨੌਜਵਾਨ ਕਰਜ਼ੇ ਚੁੱਕ ਕੇ ਗਿਆ ਹੋਇਆ ਹੈ ਜੇ ਇਹ ਨੌਜਵਾਨ ਵਾਪਸ ਆਉਂਦੇ ਹਨ ਤਾਂ ਹਾਲਾਤ ਗੰਭੀਰ ਬਣਨ ਦੇ ਆਸਾਰ ਹਨ। ਕਿਉਂਕਿ ਉਨ੍ਹਾਂ ‘ਤੇ ਘਰ ਦਾ ਗੁਜ਼ਾਰਾ ਚਲਾਉਣ ਦੇ ਨਾਲ-ਨਾਲ ਕਰਜ਼ਾ ਉਤਾਰਨ ਦਾ ਵੀ ਦਬਾਅ ਹੋਵੇਗਾ।