ਅਫਗਾਨਿਸਤਾਨ ਦੇ ਬਦਖਸ਼ਾਨ ਸੂਬੇ ‘ਚ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਅਫਗਾਨ ਮੀਡੀਆ ਨੇ ਦੱਸਿਆ ਕਿ ਇਹ ਭਾਰਤੀ ਜਹਾਜ਼ ਸੀ ਅਤੇ ਮਾਸਕੋ ਜਾ ਰਿਹਾ ਸੀ। ਹਾਲਾਂਕਿ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਹ ਜਹਾਜ਼ ਭਾਰਤ ਦਾ ਨਹੀਂ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿੱਚ ਬੀਤੀ ਰਾਤ ਜੋ ਜਹਾਜ਼ ਹਾਦਸਾਗ੍ਰਸਤ ਹੋਇਆ, ਉਹ ਭਾਰਤੀ ਨਹੀਂ ਹੈ। ਡੀਜੀਸੀਏ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਭਾਰਤੀ ਜਹਾਜ਼ ਨਹੀਂ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਦੇ ਸੀਨੀਅਰ ਅਧਿਕਾਰੀ ਮੁਤਾਬਕ ਬਦਖ਼ਸ਼ਾਨ ਸੂਬੇ ਦੇ ਪਹਾੜਾਂ ਵਿੱਚ ਹਾਦਸਾਗ੍ਰਸਤ ਹੋਇਆ ਜਹਾਜ਼ ਰੂਸ ਦਾ ਸੀ।
ਮੰਤਰਾਲੇ ਨੇ ਟਵੀਟ ਕੀਤਾ ਹੈ ਕਿ ਅਫਗਾਨਿਸਤਾਨ ਵਿੱਚ ਜੋ ਮੰਦਭਾਗਾ ਜਹਾਜ਼ ਹਾਦਸਾ ਹੋਇਆ ਹੈ, ਉਹ ਭਾਰਤੀ ਜਹਾਜ਼ ਨਹੀਂ ਹੈ। ਇਹ ਜਹਾਜ਼ ਰੂਸ ਵਿਚ ਰਜਿਸਟਰਡ ਸੀ। ਭਾਰਤ ਤੋਂ ਦਿੱਲੀ ਤੋਂ ਮਾਸਕੋ ਜਾਣ ਵਾਲੀ ਫਲਾਈਟ ਅੱਜ ਮਾਸਕੋ ‘ਚ ਉਤਰੀ ਹੈ। ਜਾਣਕਾਰੀ ਮੁਤਾਬਕ ਜਹਾਜ਼ ‘ਚ ਕੁੱਲ 6 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 6 ਯਾਤਰੀ ਸਨ।
ਰੂਸੀ ਹਵਾਬਾਜ਼ੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਨੀਵਾਰ ਸ਼ਾਮ ਅਫਗਾਨਿਸਤਾਨ ਦੇ ਉੱਪਰ ਰਡਾਰ ਤੋਂ ਇੱਕ ਰੂਸੀ ਜਹਾਜ਼ ਗਾਇਬ ਹੋ ਗਿਆ ਸੀ। ਜਹਾਜ਼ ‘ਚ 6 ਲੋਕ ਸਵਾਰ ਸਨ। ਇਹ ਜਹਾਜ਼ ਫਰਾਂਸ ਦਾ ਡਸਾਲਟ ਫਾਲਕਨ 10 ਜੈੱਟ ਸੀ। ਇਹ ਚਾਰਟਰ ਜਹਾਜ਼ ਸੀ ਜੋ ਭਾਰਤ ਤੋਂ ਉਜ਼ਬੇਕਿਸਤਾਨ ਦੇ ਰਸਤੇ ਮਾਸਕੋ ਜਾ ਰਿਹਾ ਸੀ। ਭਾਰਤ ਸਰਕਾਰ ਨੇ ਇਹ ਵੀ ਦੱਸਿਆ ਕਿ ਅਫਗਾਨਿਸਤਾਨ ਵਿੱਚ ਹਾਦਸਾਗ੍ਰਸਤ ਹੋਇਆ ਜਹਾਜ਼ ਇੱਕ ਏਅਰ ਐਂਬੂਲੈਂਸ ਸੀ। ਥਾਈਲੈਂਡ ਤੋਂ ਰੂਸ ਲਈ ਉਡਾਣ ਭਰਦੇ ਸਮੇਂ ਜਹਾਜ਼ ਨੇ ਗਯਾ ਹਵਾਈ ਅੱਡੇ ‘ਤੇ ਈਂਧਨ ਭਰਿਆ ਸੀ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬਦਖਸ਼ਾਨ ‘ਚ ਤਾਲਿਬਾਨ ਦੇ ਸੂਚਨਾ ਅਤੇ ਸੰਸਕ੍ਰਿਤੀ ਮੁਖੀ ਜ਼ਬੀਹੁੱਲ੍ਹਾ ਅਮੀਰੀ ਨੇ ਦੱਸਿਆ ਕਿ ਜਹਾਜ਼ ਜ਼ੇਬਾਕ ਜ਼ਿਲੇ ਦੇ ਤੋਪਖਾਨੇ ਖੇਤਰ ‘ਚ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਲਈ ਇਕ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਹੈ।