ਭਾਰਤ-ਪਾਕਿਸਤਾਨ ਵਿਚਾਲੇ ਸਰਹੱਦ ‘ਤੇ ਤਣਾਅ ਵੱਧ ਗਿਆ ਹੈ। ਪਾਕਿਸਤਾਨ ਵੱਲੋਂ ਬੁੱਧਵਾਰ-ਵੀਰਵਾਰ ਰਾਤ ਨੂੰ ਚੰਡੀਗੜ੍ਹ ਤੇ ਪੰਜਾਬ ਦੇ ਸੱਤ ਸ਼ਹਿਰਾਂ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਭਾਰਤੀ ਫੌਜ ਵੱਲੋਂ ਨਾਕਾਮ ਕਰ ਦਿੱਤਾ ਗਿਆ। ਵਧਦੇ ਤਣਾਅ ਨੂੰ ਵੇਖਦੇ ਹੋਏ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਇਸੇ ਅਧੀਨ ਅੰਮ੍ਰਿਤਸਰ ਦੇ ਅਜਨਾਲਾ ਵਿਚ ਰੋਜ਼ਾਨਾ ਬਲੈਕਆਊਟ ਕਰਨ ਦਾ ਐਲਾਨ ਕੀਤਾ ਗਿਆ ਹੈ।
ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਰੋਜ਼ਾਨਾ ਸ਼ਾਮ 6.30 ਵਜੇ ਤੋਂ ਸਵੇਰੇ 5 ਵਜੇ ਤੱਕ ਮੁਕੰਮਲ ਤੌਰ ‘ਤੇ ਲਾਈਟਾਂਆਦਿ ਬੰਦ ਰੱਖੀਆਂ ਜਾਣ। ਅਜਨਾਲਾ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਨਾਲ ਤਾਲਮੇਲ ਕਰਕੇ ਇਸ ਬਾਰੇ ਸੂਚਿਤ ਕਰਨ ਲਈ ਕਿਹਾ ਗਿਆ ਹੈ।
ਇਹ ਹੁਕਮ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ। ਇਸ ਤੋਂ ਇਲਾਵਾ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਮਦਦ ਜਾਂ ਸੂਚਨਾ ਦੇਣੀ ਹੈ ਤਾਂ ਉਹ ਸਰਕਾਰ ਵੱਲੋਂ ਜਾਰੀ ਹੈਲਪਲਾਈਨ ਨੰਬਰ 01832221262 ‘ਤੇ ਸੰਪਰਕ ਕਰ ਸਕਦਾ ਹੈ।
ਦੱਸ ਦੇਈਏ ਕਿ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿਚ ਵੀ ਅਗਲੇ ਹੁਕਮਾਂ ਤੱਕ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਬਲੈਕਆਊਟ ਲਾਗੂ ਰਹੇਗਾ। ਪੂਰਾ ਜ਼ਿਲ੍ਹਾ ਰਾਤ ਨੂੰ ਹਨੇਰੇ ਵਿਚ ਡੁੱਬਿਆ ਰਹੇਗਾ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਚ ਦੇਰ ਰਾਤ 1.15 ਵਜੇ ਪਿੰਡ ਜੇਠਵਾਲ, ਦੁਧਲਾ, ਮਾਖਨਵਿੰਦੀ ਤੇ ਪੰਧੇਰ ਵਿਚ ਰਾਕੇਟ ਡਿੱਗੇ। ਐੱਸ.ਐੱਸ.ਪੀ. ਦਿਹਾਤੀ ਮਨਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਨਾਲ ਪੂਰੇ ਜ਼ਿਲ੍ਹੇ ਵਿਚ ਦਹਿਸ਼ਤ ਦਾਮਾਹੌਲ ਬਣ ਗਿਆ ਹੈ। ਇਸ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਜ਼ਿਲ੍ਹੇ ਵਿਚ ਬਿਜਲੀ ਬੰਦ ਕਰਕੇ ਬਲੈਕਆਊਟ ਕਰ ਦਿੱਤਾ ਗਿਆ।