ਪਾਰਟੀ ਵਫਦ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ
ਲੁਧਿਆਣਾ, 10 ਸਤੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਲੋਕਾਂ ਸਿਰ ਨਵੇਂ ਟੈਕਸ ਲਗਾਉਣ ਅਤੇ ਸਬਸਿਡੀਆਂ ਵਾਪਸ ਲੈਣ ਸਮੇਤ ਲਏ ਲੋਕ ਵਿਰੋਧੀ ਫੈਸਲਿਆਂ ਖਿਲਾਫ ਅਤੇ ਨਾਲ ਹੀ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋਣ ਖਿਲਾਫ ਵਿਸ਼ਾਲ ਧਰਨਾ ਦਿੱਤਾ। ਪਾਰਟੀ ਦੇ ਸੀਨੀਅਰ ਮੈਂਬਰਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਵਿਚ ਵਾਧਾ ਵਾਪਸ ਲਿਆ ਜਾਵੇ ਅਤੇ ਬਸ ਕਿਰਾਇਆਂ ਵਿਚ ਕੀਤਾ ਵਾਧਾ ਵਾਪਸ ਲਿਆ ਜਾਵੇ ਤੇ 7 ਕਿਲੋਵਾਟ ਤੱਕ ਦੇ ਲੋਡ ਵਾਲੇ ਬਿਜਲੀ ਖਪਤਕਾਰਾਂ ਵਾਸਤੇ ਬਿਜਲੀ ਸਬਸਿਡੀ ਮੁੜ ਸ਼ੁਰੂ ਕੀਤੀ ਜਾਵੇ।
ਧਰਨੇ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਆਪ ਸਰਕਾਰ ਆਮ ਆਦਮੀ ਸਿਰ ਇਕ ਤੋਂ ਬਾਅਦ ਇਕ ਨਵਾਂ ਬੋਝ ਪਾ ਰਹੀ ਹੈ ਪਰ ਇਸਨੇ ਨਾਗਰਿਕ ਸਹੂਲਤਾਂ ਵਿਚ ਸੁਧਾਰ ਕਰਨ ਜਾਂ ਨਵੇਂ ਸਕੂਲ, ਕਾਲਜ ਤੇ ਹਸਪਤਾਲ ਖੋਲ੍ਹਣ ਵੱਲ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਵਿਚ ਵਾਧੇ ਕਾਰਣ ਟਰਾਂਸਪੋਰਟ ਲਾਗਤ ਵਿਚ ਵਾਧਾ ਹੋ ਗਿਆ ਹੈ ਤੇ ਕਿਸਾਨਾਂ ਵਾਸਤੇ ਖੇਤੀ ਦੇ ਧੰਦੇ ਵਾਸਤੇ ਲਾਗਤ ਵੱਧ ਗਈ ਹੈ। ਉਹਨਾਂ ਕਿਹਾ ਕਿ ਬਸ ਕਿਰਾਇਆਂ ਵਿਚ ਵਾਧੇ ਤੇ ਬਿਜਲੀ ਸਬਸਿਡੀ ਵਾਪਸ ਲੈਣ ਨਾਲ ਆਮ ਲੋਕਾਂ ਸਿਰ ਵੱਡਾ ਬੋਝ ਪਿਆ ਹੈ।
ਸ. ਭੂੰਦੜ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ’ਆਮ ਆਦਮੀ’ ਨੂੰ ਸਜ਼ਾਵਾਂ ਦੇ ਰਹੀ ਹੈ ਪਰ ਨਾਗਰਿਕ ਸਹੂਲਤਾਂ ਦੇ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਸ਼ਹਿਰ ਵਿਚ ਨਾਗਰਿਕ ਸਹੂਲਤਾਂ ਢਹਿ ਢੇਰੀ ਹੋ ਰਹੀਆਂ ਹਨ ਤੇ ਸੜਕਾਂ ਦੀ ਤਰਸਯੋਗ ਹਾਲਤ ਨੇ ਸ਼ਹਿਰ ਦੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਉਦਯੋਗਪਤੀਆਂ ਤੇ ਪ੍ਰੋਫੈਸ਼ਨਲ ਲੋਕਾਂ ਤੋਂ ਫਿਰੌਤੀਆਂ ਵਸੂਲ ਕੀਤੀਆਂ ਜਾ ਰਹੀਆਂ ਹਨ ਜਦੋਂ ਕਿ ਆਮ ਲੋਕਾਂ ਨੂੰ ਲੁੱਟ ਖੋਹ ਤੇ ਡਕੈਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਸੀਨੀਅਰ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ ਹੀਰਾ ਸਿੰਘ ਗਾਬੜੀਆ ਅਤੇ ਗੁਰਚਰਨ ਸਿੰਘ ਗਰੇਵਾਲ ਨੇ ਵੀ ਸੰਬੋਧਨ ਕੀਤਾ ਤੇ ਦੱਸਿਆ ਕਿ ਕਿਵੇਂ ਸ਼ਹਿਰ ਵਿਚ ਉਦਯੋਗਾਂ ਨੂੰ ਮਾਰ ਝੱਲਣੀ ਪੈ ਰਹੀ ਹੈ ਤੇ ਇਥੋਂ ਹਿਜ਼ਰਤ ਕਰ ਰਹੀਆਂ ਹਨ ਕਿਉਂਕਿ ਗੈਂਗਸਟਰ ਸਭਿਆਚਾਰ ਹੈ।ਉਹਨਾਂ ਕਿਹਾ ਕਿ ਸਰਕਾਰ ਵੱਲੋਂ ਠੋਸ ਕਦਮ ਨਾ ਚੁੱਕਣ ਕਾਰਣ ਸ਼ਹਿਰ ਵਿਚ ਨਵਾਂ ਨਿਵੇਸ਼ ਨਹੀਂ ਹੋ ਰਿਹਾ। ਉਹਨਾਂਕਿਹਾ ਕਿ ਦਰਮਿਆਨੇ ਤੇ ਲੱਘੂ ਉਦਯੋਗ ਪਹਿਲਾਂ ਹੀ ਮਾਰ ਹੇਠ ਹਨ। ਇਹਨਾਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਬਿਜਲੀ ਦਰਾਂ ਵਿਚ ਲਗਾਤਾਰ ਹੋਏ ਵਾਧੇ ਤੇ ਮੋਟਰ ਵਹੀਕਲ ਟੈਕਸ ਦੁੱਗਣਾ ਕਰਨ ਦੀ ਮਾਰ ਝੱਲ ਰਿਹਾ ਹੈ।ਇਸ ਮੌਕੇ ਸਰਦਾਰ ਪਰਮਜੀਤ ਸਿੰਘ ਕਲੇਰ, ਰਣਜੀਤ ਸਿੰਘ ਢਿੱਲੋਂ, ਪਰਮਜੀਤ ਸਿੰਘ ਢਿੱਲੋਂ ਤੇ ਭੁਪਿੰਦਰ ਸਿੰਘ ਭਿੰਦਾ ਵੀ ਹਾਜ਼ਰ ਸਨ।