ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਸੀਬੀਐਸਈ ਨੇ ਸਿੱਖਿਆ ਅਨੁਭਵ ਨੂੰ ਬਿਹਤਰ ਬਣਾਉਣ ਅਤੇ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) 2020 ਦੇ ਨਾਲ ਇਕਸਾਰ ਕਰਨ ਦੇ ਉਦੇਸ਼ ਨਾਲ ਕਈ ਸੁਧਾਰਾਂ ਦਾ ਐਲਾਨ ਕੀਤਾ ਹੈ। ਬੋਰਡ ਨੇ ਐਲਾਨ ਕੀਤਾ ਕਿ ਜੇਕਰ ਕੋਈ ਵਿਦਿਆਰਥੀ 10ਵੀਂ ਦੀ ਬੋਰਡ ਪ੍ਰੀਖਿਆ ਵਿੱਚ ਵਿਗਿਆਨ, ਗਣਿਤ ਜਾਂ ਸਮਾਜਿਕ ਵਿਗਿਆਨ ਵਰਗੇ ਕਿਸੇ ਵੀ ਮੁੱਖ ਵਿਸ਼ੇ ਵਿੱਚ ਫੇਲ੍ਹ ਹੋ ਜਾਂਦਾ ਹੈ, ਤਾਂ ਉਸ ਵਿਸ਼ੇ ਨੂੰ 6ਵੇਂ ਵਾਧੂ ਹੁਨਰ ਵਿਸ਼ੇ ਵਿੱਚ ਬਦਲ ਦਿੱਤਾ ਜਾਵੇਗਾ।
ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਮਜ਼ੋਰ ਵਿਸ਼ਿਆਂ ਵਿੱਚ ਅਸਫਲਤਾ ਤੋਂ ਬਚਾਉਂਦੇ ਹੋਏ ਹੁਨਰ ਅਧਾਰਤ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਬੋਰਡ ਨੇ 9ਵੀਂ ਅਤੇ 10ਵੀਂ ਜਮਾਤ ਲਈ 22 ਅਜਿਹੇ ਵਿਸ਼ੇ ਸ਼ਾਮਲ ਕੀਤੇ ਹਨ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਕਿੱਤਾਮੁਖੀ ਅਤੇ ਤਕਨੀਕੀ ਹੁਨਰ ਵਿਕਸਤ ਕਰਨ ਦਾ ਮੌਕਾ ਦਿੰਦੇ ਹਨ।
ਸੀਬੀਐਸਈ ਦੀ ਨਵੀਂ ਪਹਿਲ ਵਿਦਿਆਰਥੀਆਂ ਵਿੱਚ ਅਸਫਲਤਾ ਦੇ ਡਰ ਨੂੰ ਘਟਾਏਗੀ। ਸੀਬੀਐਸਈ ਨੇ ਕਿਹਾ ਕਿ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਨਿਰਣਾ ਬੈਸਟ ਆਫ਼ ਫਾਈਵ ਦੇ ਆਧਾਰ ‘ਤੇ ਕੀਤਾ ਜਾਵੇਗਾ। ਯਾਨੀ ਜੇਕਰ ਕੋਈ ਵਿਦਿਆਰਥੀ ਵਿਗਿਆਨ, ਗਣਿਤ ਜਾਂ ਸਮਾਜਿਕ ਵਿਗਿਆਨ ਵਿੱਚੋਂ ਕਿਸੇ ਇੱਕ ਵਿੱਚ ਫੇਲ੍ਹ ਹੋ ਜਾਂਦਾ ਹੈ, ਤਾਂ ਛੇਵਾਂ ਵਾਧੂ ਹੁਨਰ ਵਿਸ਼ਾ ਅੰਕਾਂ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਇਸਦੀ ਪ੍ਰਤੀਸ਼ਤਤਾ ਦੀ ਗਣਨਾ ਕੀਤੀ ਜਾਵੇਗੀ।