ਹਾਲ ਹੀ ਵਿੱਚ ਇਕ ਦ੍ਰਿਸ਼ ਦੇ ਲਈ ਇੱਕ ਫਰਜ਼ੀ ਗੁਰਦੁਆਰਾ ਸਾਹਿਬ ਵਿੱਚ ਸ਼ੂਟ ਕਰਨ ਦੀ ਘਟਨਾ ਸਾਹਮਣੇ ਆਈ ਸੀ। ਮੋਹਾਲੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਸਿੱਖਾਂ ਦੇ ਸਰਵਉੱਚ ਤਖਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ਨੂੰ ਗਲਤ ਕਰਾਰ ਦਿੱਤਾ ਹੈ। ਜਿਸ ਨੂੰ ਲੈ ਕੇ ਹੁਣ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸਖਤ ਹੁਕਮ ਜਾਰੀ ਕੀਤੇ ਗਏ। ਜਲਦੀ ਹੀ ਲੋਕ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਆਨੰਦ ਕਾਰਜ (ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਣ ਵਾਲੇ ਵਿਆਹ) ਦੇ ਦ੍ਰਿਸ਼ ਨਹੀਂ ਨਜ਼ਰ ਆਉਣਗੇ।
ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਕਿ ਘੜੂੰਆਂ ਵਿੱਚ ਫਰਜ਼ੀ ਗੁਰਦੁਆਰਾ ਸਾਹਿਬ ਤਿਆਰ ਕਰਕੇ ਆਨੰਦ ਕਾਰਜ ਦੀ ਸ਼ੂਟਿੰਗ ਦੀ ਪੂਰੀ ਘਟਨਾ ਉੱਤੇ ਰਿਪੋਰਟ ਮੰਗੀ ਹੈ। ਜਿਸ ਤੋਂ ਬਾਅਦ ਇਸ ਸਬੰਧੀ ਅਕਾਲ ਤਖ਼ਤ ਤੋਂ ਹੁਕਮ ਜਾਰੀ ਕੀਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਮੈਰਿਜ ਪੈਲੇਸਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣ ‘ਤੇ ਪਾਬੰਦੀ ਲੱਗੀ ਹੋਈ ਸੀ।
ਹਾਲ ਹੀ ਵਿੱਚ ਮੋਹਾਲੀ ਵਿੱਚ ਪੰਜਾਬੀ ਟੀਵੀ ਸੀਰੀਅਲ ਉਡਾਰੀਆਂ ਦੀ ਸ਼ੂਟਿੰਗ ਚੱਲ ਰਹੀ ਹੈ। ਇਸ ਵਿੱਚ ਨਕਲੀ ਗੁਰਦੁਆਰਾ ਸਾਹਿਬ ਦਾ ਸੈੱਟ ਬਣਾਇਆ ਗਿਆ ਸੀ। ਜਿਵੇਂ ਹੀ ਨਿਹੰਗਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਹੰਗਾਮਾ ਮਚਾ ਦਿੱਤਾ ਅਤੇ ਸੀਰੀਅਲ ਦੀ ਸ਼ੂਟਿੰਗ ਬੰਦ ਕਰਵਾ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਉੱਥੇ ਆ ਕੇ ਮਾਮਲਾ ਸ਼ਾਂਤ ਕਰਵਾਇਆ।