ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਵਿੱਚ ਸਮੀਖਿਆ ਦਾ ਦੌਰ ਚੱਲ ਰਿਹਾ ਹੈ। ਹਰਿਆਣਾ ਵਿੱਚ ਮਿਲੀ ਹਾਰ ਤੋਂ ਬਾਅਦ ਅੱਜ ਕਾਂਗਰਸ ਲੀਡਰਸ਼ਿਪ ਨੇ ਸੂਬਾਈ ਆਗੂਆਂ ਨਾਲ ਆਪਣੀ ਪਹਿਲੀ ਅਹਿਮ ਮੀਟਿੰਗ ਕੀਤੀ। ਇਹ ਮੀਟਿੰਗ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਹੋਈ ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਸ਼ਿਰਕਤ ਕੀਤੀ।
ਮੀਟਿੰਗ ਵਿੱਚ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਹਰਿਆਣਾ ਪ੍ਰਦੇਸ਼ ਪ੍ਰਧਾਨ ਉਦੈ ਭਾਨ, ਭੂਪੇਂਦਰ ਸਿੰਘ ਹੁੱਡਾ, ਇੰਚਾਰਜ ਦੀਪਕ ਬਾਬਰੀਆ, ਹਰਿਆਣਾ ਸੁਪਰਵਾਈਜ਼ਰ ਅਸ਼ੋਕ ਗਹਿਲੋਤ, ਅਜੈ ਮਾਕਨ, ਪ੍ਰਤਾਪ ਸਿੰਘ ਬਾਜਵਾ ਨੂੰ ਵੀ ਬੁਲਾਇਆ ਗਿਆ। ਸੂਤਰਾਂ ਅਨੁਸਾਰ ਮੀਟਿੰਗ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਆਗੂਆਂ ਨੇ ਚੋਣਾਂ ਵਿੱਚ ਨਿੱਜੀ ਹਿੱਤਾਂ ਨੂੰ ਉਪਰ ਰੱਖਿਆ।
ਰਾਹੁਲ ਗਾਂਧੀ ਨੇ ਕਿਹਾ ਕਿ ਚੋਣਾਂ ਦੌਰਾਨ ਪਾਰਟੀ ਦੇ ਹਿੱਤ ਗੌਣ ਰਹੇ ਅਤੇ ਨੇਤਾਵਾਂ ਦੀ ਦਿਲਚਸਪੀ ਭਾਰੂ ਰਹੀ। ਸੂਤਰਾਂ ਨੇ ਦੱਸਿਆ ਕਿ ਚੋਣ ਨਤੀਜਿਆਂ ਦੀ ਜਾਂਚ ਲਈ ਤੱਥ ਖੋਜ ਕਮੇਟੀ ਬਣਾਈ ਜਾਵੇਗੀ, ਜਿਸ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਮੀਟਿੰਗ ਖਤਮ ਹੋਣ ਤੋਂ ਬਾਅਦ ਅਜੈ ਮਾਕਨ ਨੇ ਕਿਹਾ ਕਿ ਨਤੀਜੇ ਹੈਰਾਨ ਕਰਨ ਵਾਲੇ ਅਤੇ ਅਚਾਨਕ ਆਏ ਹਨ। ਉਨ੍ਹਾਂ ਕਿਹਾ, ‘ਅੱਜ ਅਸੀਂ ਮੀਟਿੰਗ ਕੀਤੀ ਅਤੇ ਹਰਿਆਣਾ ‘ਚ ਹਾਰ ਦੇ ਕਾਰਨਾਂ ‘ਤੇ ਚਰਚਾ ਕੀਤੀ। ਅਸੀਂ ਆਪਣਾ ਵਿਸ਼ਲੇਸ਼ਣ ਜਾਰੀ ਰੱਖਾਂਗੇ… ਕੇਸੀ ਵੇਣੂਗੋਪਾਲ ਤੁਹਾਨੂੰ ਬਾਅਦ ਵਿੱਚ ਦੱਸਣਗੇ ਕਿ ਅੱਗੇ ਕੀ ਕਾਰਵਾਈ ਕੀਤੀ ਜਾਵੇਗੀ।
ਰਾਹੁਲ ਗਾਂਧੀ ਨੇ ਵੀ ਚੁੱਕੇ ਸਵਾਲ
ਇਸ ਤੋਂ ਪਹਿਲਾਂ ਟਵਿੱਟਰ ‘ਤੇ ਇੱਕ ਪੋਸਟ ਵਿੱਚ, ਰਾਹੁਲ ਗਾਂਧੀ ਨੇ ਕਥਿਤ ਈਵੀਐਮ ਖਰਾਬੀ ਦੇ ਖਿਲਾਫ “ਸ਼ਿਕਾਇਤ” ਦਰਜ ਕਰਨ ਦੀ ਕੋਸ਼ਿਸ਼ ਵਿੱਚ ਚੋਣ ਕਮਿਸ਼ਨ ਨਾਲ ਇੱਕ ਸੰਭਾਵਿਤ ਮੀਟਿੰਗ ਦਾ ਸੰਕੇਤ ਦਿੱਤਾ ਸੀ।
ਉਨ੍ਹਾਂ ਨੇ ਐਕਸ ‘ਤੇ ਲਿਖਿਆ, ਅਸੀਂ ਹਰਿਆਣਾ ਦੇ ਅਣਕਿਆਸੇ ਨਤੀਜੇ ਦਾ ਵਿਸ਼ਲੇਸ਼ਣ ਕਰ ਰਹੇ ਹਾਂ। ਕਈ ਵਿਧਾਨ ਸਭਾ ਹਲਕਿਆਂ ਤੋਂ ਆ ਰਹੀਆਂ ਸ਼ਿਕਾਇਤਾਂ ਬਾਰੇ ਚੋਣ ਕਮਿਸ਼ਨ ਨੂੰ ਸੂਚਿਤ ਕਰਨਗੇ। ਹਰਿਆਣੇ ਦੇ ਸਾਰੇ ਲੋਕਾਂ ਦਾ ਉਹਨਾਂ ਦੇ ਸਹਿਯੋਗ ਲਈ ਅਤੇ ਸਾਡੇ ਬੱਬਰ ਸ਼ੇਰ ਵਰਕਰਾਂ ਦਾ ਉਹਨਾਂ ਦੀ ਅਣਥੱਕ ਮਿਹਨਤ ਲਈ ਤਹਿ ਦਿਲੋਂ ਧੰਨਵਾਦ। ਅਸੀਂ ਹੱਕਾਂ ਲਈ, ਸਮਾਜਿਕ ਅਤੇ ਆਰਥਿਕ ਨਿਆਂ ਲਈ, ਸੱਚ ਲਈ ਇਹ ਸੰਘਰਸ਼ ਜਾਰੀ ਰੱਖਾਂਗੇ ਅਤੇ ਤੁਹਾਡੀ ਆਵਾਜ਼ ਬੁਲੰਦ ਕਰਦੇ ਰਹਾਂਗੇ।
ਭਾਜਪਾ ਨੇ ਜਿੱਤੀਆਂ 48 ਸੀਟਾਂ
ਦੱਸ ਦੇਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੇ 90 ‘ਚੋਂ 48 ਸੀਟਾਂ ‘ਤੇ ਭਾਰੀ ਬਹੁਮਤ ਹਾਸਲ ਕੀਤਾ ਹੈ। ਇਸ ਦੇ ਨਾਲ ਹੀ 10 ਸਾਲਾਂ ਤੋਂ ਸੱਤਾ ‘ਤੇ ਕਾਬਜ਼ ਭਾਜਪਾ ਵਿਰੁੱਧ ਸੱਤਾ ਵਿਰੋਧੀ ਲਹਿਰ ਦਾ ਲਾਹਾ ਲੈਣ ‘ਚ ਨਾਕਾਮ ਰਹੀ ਕਾਂਗਰਸ 37 ਸੀਟਾਂ ‘ਤੇ ਜਿੱਤ ਹਾਸਲ ਕਰਨ ‘ਚ ਕਾਮਯਾਬ ਰਹੀ ਹੈ। ਇਸ ਤੋਂ ਇਲਾਵਾ ਇਨੈਲੋ ਨੇ 2 ਸੀਟਾਂ ਜਿੱਤੀਆਂ ਹਨ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਵੀ ਜਿੱਤੇ ਹਨ। ਹਾਲਾਂਕਿ ਉਨ੍ਹਾਂ ਹਾਈਕਮਾਂਡ ਨਾਲ ਮੁਲਾਕਾਤ ਕਰਕੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।