ਲੁਧਿਆਣਾ, 18 ਅਗਸਤ : ਸਰਾਭਾ ਨਗਰ ਥਾਣੇ ਦੀ ਪੁਲੀਸ ਨੇ ਦੇਰ ਰਾਤ ਸੁੰਨਸਾਨ ਥਾਂ ’ਤੇ ਰਾਹਗੀਰਾਂ ਨੂੰ ਹਥਿਆਰਾਂ ਸਮੇਤ ਲੁੱਟਣ ਵਾਲੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਗਰੋਹ ਦੇ ਕੁਝ ਮੈਂਬਰਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਮੁਲਜ਼ਮਾਂ ਨੂੰ ਉਸ ਵੇਲੇ ਕਾਬੂ ਕੀਤਾ ਗਿਆ ਜਦੋਂ ਉਹ ਲੁੱਟ ਦੀ ਯੋਜਨਾ ਬਣਾ ਰਹੇ ਸਨ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕੁਝ ਦਿਨ ਪਹਿਲਾਂ ਲੁੱਟਿਆ ਗਿਆ ਐਕਟਿਵਾ ਸਕੂਟਰ, ਵਾਰਦਾਤ ਵਿੱਚ ਵਰਤੇ ਗਏ ਦੋ ਮੋਟਰਸਾਈਕਲ ਅਤੇ ਵੱਖ-ਵੱਖ ਕੰਪਨੀਆਂ ਦੇ 12 ਮੋਬਾਈਲ ਫੋਨ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਸਾਵਨ ਉਰਫ਼ ਰਾਜਾ ਵਾਸੀ ਬੱਦੋਵਾਲ, ਨਵਦੀਪ ਸਿੰਘ ਉਰਫ਼ ਨਵੀ ਉਰਫ਼ ਹਰਮਨ ਵਾਸੀ ਪਿੰਡ ਲਲਤੋਂ ਖੁਰਦ, ਦੀਪਕ ਕੁਮਾਰ ਵਾਸੀ ਪਿੰਡ ਠੱਕਰਵਾਲ, ਅਕਸ਼ੈ ਕੁਮਾਰ ਵਾਸੀ ਪਿੰਡ ਬੱਦੋਵਾਲ ਅਤੇ ਸੋਨੂੰ ਕੁਮਾਰ ਵਾਸੀ ਪਿੰਡ ਬੱਦੋਵਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਨਾਬਾਲਗ ਦੇ ਨਾਲ ਪਿੰਡ ਠੱਕਰਵਾਲ ਦਾ ਰਹਿਣ ਵਾਲਾ ਹੈ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਸਾਰਿਆਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ। ਏਡੀਸੀਪੀ 3 ਸ਼ੁਭਮ ਅਗਰਵਾਲ ਅਤੇ ਏਸੀਪੀ ਪੱਛਮੀ ਗੁਰਦੇਵ ਸਿੰਘ ਨੇ ਦੱਸਿਆ ਕਿ ਥਾਣਾ ਸਰਾਭਾ ਨਗਰ ਦੇ ਐਸਐਚਓ ਇੰਸਪੈਕਟਰ ਪਵਨ ਕੁਮਾਰ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਇਲਾਕੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਰਾਹਗੀਰਾਂ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਹਨ ਅਤੇ ਉਕਤ ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਇੱਕ ਰਾਹਗੀਰ ਤੋਂ ਪਿਸਤੌਲ ਦੀ ਨੋਕ ’ਤੇ ਐਕਟਿਵਾ ਲੁੱਟੀ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਮੁਲਜ਼ਮਾਂ ਨੂੰ ਘੇਰ ਲਿਆ। ਮੁਲਜ਼ਮਾਂ ਦੇ ਕਬਜ਼ੇ ’ਚੋਂ ਹਥਿਆਰ ਅਤੇ ਲੁੱਟੀ ਹੋਈ ਐਕਟਿਵਾ ਸਮੇਤ ਲੁੱਟਿਆ ਹੋਇਆ ਮੋਬਾਈਲ ਬਰਾਮਦ ਹੋਇਆ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਕਈ ਵਾਰਦਾਤਾਂ ਕੀਤੀਆਂ ਹਨ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।