ਅੱਜ ਡੇਰਾ ਬਾਬਾ ਨਾਨਕ ਵਿਖੇ ਸ਼੍ਰੀ ਕਰਤਾਰਪੁਰ ਲਾਂਘੇ ਉੱਪਰ ਖੋਲੇ ਗਏ ਕਰਤਾਰਪੁਰ ਕੋਰੀਡੋਰ ਟਰਮੀਨਲ ਦੇ ਚਾਰ ਸਾਲ ਪੂਰੇ ਹੋਣ ਤੇ ਪੰਜਵੇ ਸਥਾਪਨਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਧਾਰਮਿਕ ਸਮਾਗਮ ਵਿੱਚ ਲੈਂਡਪੋਰਟ ਆਫ ਅਥੋਰਟੀ ਦੇ ਅਧਿਕਾਰੀਆਂ, ਬੀਐਸਐਫ ਦੇ ਪੁਲਿਸ ਅਤੇ ਮਹਿਲਾ ਜਵਾਨਾ, ਸਕੂਲੀ ਵਿਦਿਆਰਥੀਆਂ ਅਤੇ ਨੇੜਲੇ ਪਿੰਡਾਂ ਤੋਂ ਆਈਆਂ ਹੋਈਆਂ ਸੰਗਤਾਂ ਨੇ ਹਿੱਸਾ ਲਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੈਂਡ ਪੋਰਟ ਆਫ ਅਥੋਰਟੀ ਦੇ ਜਨਰਲ ਮੈਨੇਜਰ ਟਿੱਕਾ ਰਾਮ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਲੱਖਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਅਰਦਾਸਾਂ ਸਦਕਾ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਸਰਕਾਰ ਵੱਲੋਂ ਇੱਕ ਇਤਿਹਾਸਿਕ ਫੈਸਲਾ ਲੈਂਦਿਆਂ 9 ਨਵੰਬਰ 2019 ਨੂੰ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਸੰਗਤਾਂ ਦੇ ਦਰਸ਼ਨ ਕਰਨ ਲਈ ਕਰਤਾਰਪੁਰ ਕੋਰੀਡੋਰ ਟਰਮੀਨਲ ਬਣਾਇਆ ਗਿਆ ਸੀ। ਅੱਜ ਚਾਰ ਸਾਲ ਪੂਰੇ ਹੋਣ ਤੇ ਪੰਜਵਾਂ ਸਥਾਪਨਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ ਹੈ। ਮੈਨੇਜਰ ਟਿੱਕਾ ਰਾਮ ਨੇ ਦੱਸਿਆ ਕਿ ਅੱਜ ਕਰਤਾਰਪੁਰ ਕੋਰੀਡੋਰ ਟਰਮੀਨਲ ਵਿੱਚ ਸੁਖਮਨੀ ਸਾਹਿਬ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਜੋਰਾਵਰ ਸੀਨੀਅਰ ਸੈਕੈਂਡਰੀ ਸਕੂਲ ਕਲਾਨੌਰ ਅਤੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਜੋੜੀਆਂ ਕਲਾਂ ਦੇ ਵਿਦਿਆਰਥੀਆਂ ਨੇ ਕੀਰਤਨ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਬਾਬਾ ਸਿੱਧ ਸੌਂਹ ਗੁਰਦੁਆਰਾ ਦੇ ਹੈਡ ਗ੍ਰੰਥੀ ਵੱਲੋਂ ਕਰਤਾਰਪੁਰ ਕੋਰੀਡੋਰ ਟਰਮੀਨਲ ਲਾਂਘੇ ਅਤੇ ਕੋਰੀਡੋਰ ਸਟਾਫ ਦੀ ਚੜਦੀ ਕਲਾ ਲਈ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਤੇ ਆਮ ਸੰਗਤ 50 ਰੁਪਏ ਫੀਸ ਦੇ ਕੇ 11 ਨਵੰਬਰ ਤੋਂ ਕਰਤਾਰਪੁਰ ਟਰਮੀਨਲ ਦੇ ਦਰਸ਼ਨ ਕਰ ਸਕੇਗੀ ਇਸ ਨੂੰ ਲੈਕੇ ਸੰਗਤਾਂ ਵਿੱਚ ਵੀ ਖੁਸੀ ਦੀ ਲਹਿਰ ਪਈ ਜਾ ਰਹੀ ਹੈ।