ਅੰਮ੍ਰਿਤਸਰ, 6 ਸਤੰਬਰ 2024 – 2007 ਤੋਂ 2017 ਤੱਕ ਦੀ ਪੰਜਾਬ ਦੀ ਸਰਕਾਰ ਦੇ ਤਤਕਾਲੀ ਮੰਤਰੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਤਲਬ ਕੀਤਾ ਗਿਆ ਸੀ, ਜਿਸ ਦੇ ਚਲਦੇ ਹੁਣ ਸਾਰੇ ਤਤਕਾਲੀ ਮੰਤਰੀ ਆਪੋ ਆਪਣਾ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ‘ਤੇ ਰੱਖ ਰਹੇ ਹਨ।
ਜਿਸ ਤੋਂ ਬਾਅਦ ਅੱਜ ਸਾਬਕਾ ਕੈਬਨਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਾਬਕਾ ਕੈਬਨਟ ਮੰਤਰੀ ਸੁੱਚਾ ਸਿੰਘ ਲੰਗਾਹ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਅਤੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਆਪਣਾ ਸਪਸ਼ਟੀਕਰਨ ਦਿੱਤਾ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਸਾਨੂੰ ਸਭ ਨੂੰ ਸਿਰ ਮੱਥੇ ਹੈ ਅਤੇ ਅਸੀਂ ਆਪਣਾ ਸਪਸ਼ਟੀਕਰਨ ਦੇਣ ਇਥੇ ਪਹੁੰਚੇ ਹਾਂ। ਉਨ੍ਹਾਂ ਰਾਮ ਰਹੀਮ ਦੇ ਮੁੱਦੇ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਉਹ ਖੁਦ ਜ਼ਿਲ੍ਹਾ ਗੁਰਦਾਸਪੁਰ ਤੋਂ ਬਿਲੌਂਗ ਕਰਦੇ ਹਨ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕੋਈ ਰਾਮ ਰਹੀਮ ਦਾ ਡੇਰਾ ਮੌਜੂਦ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਵੀ ਵਿਅਕਤੀ ਗੁਰੂ ਘਰ ਨਾਲ ਟੱਕਰ ਲਵੇਗਾ ਉਹ ਵਿਅਕਤੀ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਵੇਗਾ।